“Simranjit Singh Mann Meets Giani Jasvir Singh Rode on Panthic Unity”
“ਸਿਮਰਨਜੀਤ ਸਿੰਘ ਮਾਨ ਅਤੇ ਗਿਆਨੀ ਜਸਵੀਰ ਸਿੰਘ ਰੋਡੇ ਵਿਚਾਲੇ ਅਹਿਮ ਮੀਟਿੰਗ”

24 ਜੂਨ 2026, ਫਤਿਹਗੜ੍ਹ ਸਾਹਿਬ –ਪਿੰਡ ਤਲਾਣੀਆਂ ਵਿਖੇ ਸਥਿਤ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸ. ਸਿਮਰਨਜੀਤ ਸਿੰਘ ਮਾਨ ਦੇ ਗ੍ਰਹਿ ਕਿਲਾ ਹਰਨਾਮ ਸਿੰਘ ਵਿੱਚ ਪੰਥਕ ਏਕਤਾ ਦੇ ਸੰਦਰਭ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਵੀ ਹਨ, ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਸ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੰਘ ਸਾਹਿਬ ਨੇ ਅਪੀਲ ਕੀਤੀ ਕਿ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਪੰਥ ਦੇ ਬੋਲਬਾਲੇ ਲਈ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ‘ਤੇ ਇੱਕਤਰ ਹੋ ਕੇ ਅਗਲੀਆਂ ਅਸੰਬਲੀ ਦੀਆਂ ਚੋਣਾ ਲੜਨੀਆਂ ਚਾਹੀਦੀਆਂ ਹਨ, ਜਿਸ ਲਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਵਿਚਾਰ-ਚਰਚਾਵਾਂ ਹੋਈਆਂ ਅਤੇ ਅੱਗੇ ਵੀ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਨਾਲ 4 ਜਥੇਬੰਦੀਆਂ ਇੱਕ ਮੰਚ ‘ਤੇ ਆ ਚੁੱਕੀਆਂ ਹਨ। ਹੁਣ ਇਸ ਪੰਥਕ ਏਕਤਾ ਲਈ ਸ. ਸਿਮਰਨਜੀਤ ਸਿੰਘ ਮਾਨ ਹੁਣਾ ਵੱਲੋਂ ਵੀ ਭਰਵੇਂ ਸਹਿਯੋਗ ਦਾ ਭਰੋਸਾ ਦਿਤਾ ਗਿਆ ਹੈ। ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਹੋਰ ਦਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਆਪਣੇ ਸੰਖੇਪ ਦੌਰੇ ਲਈ ਇੰਗਲੈਂਡ ਜਾ ਰਹੇ ਹਨ ਅਤੇ ਉਥੇ ਦੀਆਂ ਸੰਗਤਾਂ ਨੂੰ ਸ. ਮਾਨ ਦੇ ਨਾਲ ਮੀਟਿੰਗਾਂ ਕਰਕੇ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ, ਕਿਉਂਕਿ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਸਿੱਖ ਅਜਿਹੇ ਹਨ ਜਿਨ੍ਹਾਂ ‘ਤੇ ਪਾਬੰਦੀਆਂ ਲੱਗੀਆਂ ਹੋਣ ਕਾਰਨ ਉਹ ਪੰਜਾਬ ਨਹੀਂ ਆ ਸਕਦੇ ਅਤੇ ਗੁਰਧਾਮਾ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ। ਸਿੰਘ ਸਾਹਿਬ ਨੇ ਇਸ ਮੌਕੇ ਵਿਦੇਸ਼ੀ ਸਿੱਖਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਪੰਥਕ ਏਕਤਾ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਵੀ ਜਿਵੇਂ ਸਿੰਘ ਸਾਹਿਬ ਕਹਿੰਦੇ ਸਨ ਉਸੇ ਤਰ੍ਹਾਂ ਚਲਦੇ ਰਹੇ ਹਾਂ ਅਤੇ ਅੱਗੋਂ ਵੀ ਚਲਦੇ ਰਹਾਂਗੇ। ਸ. ਮਾਨ ਨੇ ਕਿਹਾ ਕਿ ਉਹ ਭਾਵੇਂ ਕੁੱਝ ਸਮੇਂ ਲਈ ਇੰਗਲੈਂਡ ਜਾ ਰਹੇ ਹਨ ਪਰ ਉਨ੍ਹਾਂ ਦੇ ਪਾਰਟੀ ਆਗੂ ਸਿੰਘ ਸਾਹਿਬ ਦੇ ਨਾਲ ਤਾਲਮੇਲ ਵਿੱਚ ਰਹਿਣਗੇ ਅਤੇ ਪੰਥਕ ਏਕਤਾ ਬਾਰੇ ਯਤਨ ਅੱਗੇ ਵਧਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਲਈ ਸੁਹਿਰਦਤਾ ਨਾਲ ਅੱਗੇ ਵੱਧਦੇ ਹੋਏ ਅਗਲੀਆਂ ਅਸੰਬਲੀ ਚੋਣਾ ਜਿਤੀਆਂ ਜਾਣਗੀਆਂ। ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ੍ਰੋਮਣੀ ਕਮੇਟੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇੰਟਰਨੈਸ਼ਨਲ ਪੰਥਕ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।
