Floods caused havoc after heavy rain, many vehicles buried under debris
ਭਾਰੀ ਬਾਰਿਸ਼ ਮਗਰੋਂ ਆਏ ਹੜ੍ਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੀਆਂ ਕਈ ਗੱਡੀਆਂ
ਜੰਮੂ (ਆਵਾਜ਼ਿ ਕੌਮ ਬਿਊਰੋ)- ਜੰਮੂ ਕਸ਼ਮੀਰ ‘ਚ ਐਤਵਾਰ ਨੂੰ ਰਾਤ ਭਰ ਹੋਈ ਲਗਾਤਾਰ ਬਾਰਿਸ਼ ਕਾਰਨ ਅਚਾਨਕ ਆਏ ਹੜ੍ਹ ਨਾਲ ਡੋਡਾ-ਕਿਸ਼ਤਵਾੜ ਹਾਈਵੇਅ ਦਾ ਇਕ ਹਿੱਸਾ ਨੁਕਸਾਨਿਆ ਗਿਆ, ਜਿਸ ਨਾਲ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸ ਦੇ ਨਾਲ ਹੀ ਪਰਬਤੀ ਜ਼ਿਲ੍ਹਿਆਂ ਡੋਡਾ ਅਤੇ ਕਿਸ਼ਤਵਾੜ ‘ਚ ਨਿਰਮਾਣ ਅਧੀਨ 540 ਮੈਗਾਵਾਟ ਵਾਲੀ ਕਵਾਰ ਪਣਬਿਜਲੀ ਪ੍ਰਾਜੈਕਟ ਕੋਲ ਕਈ ਗੱਡੀਆਂ ਮਲਬੇ ‘ਚ ਦਬ ਗਈਆਂ। ਅਚਾਨਕ ਗੜ੍ਹ ਆਉਣ ਤੋਂ ਬਾਅਦ ਹਾਈਵੇਅ ‘ਤੇ ਭਾਰੀ ਮਾਤਰਾ ‘ਚ ਚਿੱਕੜ, ਚੱਟਾਨਾਂ ਅਤੇ ਮਲਬਾ ਇਕੱਠਾ ਹੋ ਗਿਆ। ਗੁਆਂਢੀ ਕਿਸ਼ਤਵਾੜ ਜ਼ਿਲ੍ਹਿਆਂ ‘ਚ ਵੀ ਬਾਰਿਸ਼ ਕਾਰਨ ਨਿਰਮਾਣ ਅਧੀਨ 540 ਮੈਗਾਵਾਟ ਕਵਾਰ ਪਣਬਿਜਲੀ ਪ੍ਰਾਜੈਕਟ ਦੇ ਸੁਰੰਗ ਖੇਤਰ ਕੋਲ ਜ਼ਮੀਨ ਖਿਸਕ ਗਈ ਅਤੇ ਚਿੱਕੜ ਦਾ ਮਲਬਾ ਜਮ੍ਹਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਇਆ ਹੜ੍ਹ ਆਪਣੇ ਨਾਲ ਪ੍ਰਾਜੈਕਟ ਖੇਤਰ ‘ਚ ਭਾਰੀ ਮਾਤਰਾ ‘ਚ ਚਿੱਕੜ ਅਤੇ ਪੱਥਰ ਲੈ ਆਇਆ, ਜਿਸ ਨਾਲ ਟਰੱਕਾਂ, ਖੋਦਾਈ ‘ਚ ਇਸਤੇਮਾਲ ਹੋਣ ਵਾਲੇ ਭਾਰੀ ਵਾਹਨ ਅਤੇ ਹੋਰ ਨਿਰਮਾਣ ਉਪਕਰਣਾਂ ਸਮੇਤ ਕਈ ਵਾਹਨ ਦਬ ਗਏ ਅਤੇ ਨਿਰਮਾਣ ਸਮੱਗਰੀ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਮਲਬੇ ਹੇਠਾਂ ਫਸੀਆਂ ਹੋਈਆਂ ਹਨ। ਫਸੀਆਂ ਹੋਈਆਂ ਗੱਡੀਆਂ ਨੂੰ ਕੱਢਣ ਅਤੇ ਪ੍ਰਭਾਵਿਤ ਜਗ੍ਹਾ ‘ਤੇ ਆਮ ਸਥਿਤੀ ਬਹਾਲ ਕਰਨ ਦਾ ਕੰਮ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਿਆਸੀ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ ਤੋਂ ਵੀ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਦੀ ਖ਼ਬਰ ਮਿਲੀ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਜੰਮੂ ਕਸ਼ਮੀਰ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਭਾਰੀ ਬਾਰਿਸ਼, ਹਨ੍ਹੇਰੀ-ਤੂਫਾਨ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਸੀ ਅਤੇ ਲੋਕਾਂ, ਖਾਸ ਕਰ ਕੇ ਨਦੀਆਂ ਦੇ ਕਿਨਾਰਿਆਂ ਕੋਲ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਸੁਰੱਖਿਅਤ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ।

