Canal dam breaks in Jalandhar, water enters colonies
ਜਲੰਧਰ ‘ਚ ਨਹਿਰ ਦਾ ਟੁੱਟਿਆ ਬੰਨ੍ਹ, ਕਾਲੋਨੀਆਂ ‘ਚ ਵੜ ਗਿਆ ਪਾਣੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ ਸ਼ਹਿਰ ‘ਚ ਮੌਨਸੂਨ ਦੇ ਮੌਸਮ ਤੋਂ ਪਹਿਲਾਂ ਹੀ ਇਕ ਕਾਲੋਨੀ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਗੱਦਾਈਪੁਰ ਇਲਾਕੇ ‘ਚ ਨਹਿਰ ਦਾ ਬੰਨ੍ਹ ਟੁੱਟ ਗਿਆ, ਜਿਸ ਨਾਲ ਕਾਲੋਨੀਆਂ ਵਿੱਚ ਪਾਣੀ ਭਰ ਗਿਆ। ਇਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਲੋਕ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲੋਕਾਂ ਦੀ ਮਦਦ ਨਾਲ ਮਿੱਟੀ ਨਾਲ ਭਰੀਆਂ ਬੋਰੀਆਂ ਦੀ ਵਰਤੋਂ ਕਰਕੇ ਬੰਨ੍ਹ ਬਣਾ ਕੇ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਰਸਤੇ ਨੂੰ ਬੰਦ ਕਰਨ ਲਈ ਕਰੇਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਦਰਅਸਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਨਹਿਰਾਂ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ। ਪਾਣੀ ਓਵਰਫਲੋਅ ਹੋਣ ਕਾਰਨ ਹੀ ਬੰਨ੍ਹ ਟੁੱਟ ਗਿਆ। ਇਹ ਰਾਹਤ ਦੀ ਗੱਲ ਹੈ ਕਿ ਪਾਣੀ ਲੋਕਾਂ ਦੇ ਘਰਾਂ ‘ਚ ਨਹੀਂ ਵੜਿਆ ਨਹੀਂ ਤਾਂ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਸੀ। ਹਾਲਾਂਕਿ ਕਾਲੋਨੀਆਂ ਵਿੱਚ ਪਾਣੀ ਦੇ ਆਉਣ ਨਾਲ ਲੋਕ ਚਿੰਤਾ ਵਿਚ ਵਿਖਾਈ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਕੀਤਾ ਜਾ ਰਹੇ ਹਨ। ਵੀਡੀਓ ਵੀ ਸਾਹਮਣੇ ਆਏ ਹਨ, ਜਿਸ ‘ਚ ਕਾਲੋਨੀਆਂ ‘ਚ ਵੱਡੀ ਮਾਤਰਾ ਵਿੱਚ ਪਾਣੀ ਵੜਦਾ ਵਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਤਿੰਨ ਦਿਨਾਂ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੇਸਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 11 ਵਜੇ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਹੋਏ ਅਤੇ ਬੰਨ੍ਹ ਬਣਾਏ ਗਏ। ਦੇਸਰਾਜ ਨੇ ਕਿਹਾ ਕਿ ਬੀਤੀ ਦੇਰ ਰਾਤ ਦੋ ਬੰਨ੍ਹ ਟੁੱਟ ਗਏ ਅਤੇ ਪਾਣੀ ਕਾਲੋਨੀਆਂ ਵਿੱਚ ਵੜ ਗਿਆ। ਅੱਜ ਸਵੇਰ ਤੱਕ ਪਾਣੀ ਦਾ ਪੱਧਰ ਕਾਫ਼ੀ ਹੱਦ ਤੱਕ ਘੱਟ ਚੁੱਕਿਆ ਹੈ। ਉਥੇ ਹੀ ਸਲੇਮਪੁਰ ਦੇ ਰਹਿਣ ਵਾਲੇ ਕਰੇਨ ਮਾਲਕ ਮੋਨੂੰ ਨੇ ਕਿਹਾ ਕਿ ਕੱਲ੍ਹ ਦੇਰ ਰਾਤ ਬੰਨ੍ਹ ਟੁੱਟ ਗਿਆ ਅਤੇ ਪਾਣੀ ਕਾਲੋਨੀ ਵਿੱਚ ਵੜ ਗਿਆ। ਮੋਨੂੰ ਨੇ ਕਿਹਾ ਕਿ ਉਸ ਦੀ ਮਸ਼ੀਨ ਸੜਕ ਨਿਰਮਾਣ ਦੌਰਾਨ ਕੰਮ ਕਰ ਰਹੀ ਸੀ। ਫਿਰ ਉਹ ਕਰੇਨ ਲੈ ਆਇਆ ਅਤੇ ਮਿੱਟੀ ਸੁੱਟ ਕੇ ਨਹਿਰ ‘ਤੇ ਨਵੇਂ ਬੰਨ੍ਹ ਬਣਾ ਰਿਹਾ ਹੈ। ਮੋਨੂੰ ਨੇ ਕਿਹਾ ਕਿ ਬੰਨ੍ਹ ਦੋ ਥਾਵਾਂ ‘ਤੇ ਟੁੱਟ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

