Reconsider Ardas Program at Harike Pattan: Singh Sahib Giani Jasbir Singh Rode
ਹਰੀਕੇ ਪੱਤਣ ‘ਤੇ ਭਲਕੇ ਦੇ ਅਰਦਾਸ ਸਮਾਗਮ ਨੂੰ ਮੁੜ੍ਹ ਵਿਚਾਰਿਆ ਜਾਵੇ-ਸਿੰਘ ਸਾਹਿਬ ਗਿ. ਜਸਵੀਰ ਸਿੰਘ ਰੋਡੇ
ਜਲੰਧਰ, 13 ਜੁਲਾਈ 2026 –ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸਰਵਉੱਚ ਹੈ ਤੇ ਅੱਜ ਤੱਕ ਜੋ ਵੀ ਸ਼ਹੀਦ ਤੇ ਯੋਧੇ ਹੋਏ ਹਨ, ਉਨ੍ਹਾਂ ਦੀਆਂ ਅਰਦਾਸਾਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਹੋਈਆਂ ਹਨ। ਆਪ ਜੀ ਵੱਲੋਂ ਕਾਲੇ ਦੌਰ ਦੌਰਾਨ ਸਮੂਹ ਸ਼ਹੀਦਾਂ ਤੇ ਲਾਪਤਾ ਹੋਏ ਨੌਜਵਾਨਾਂ ਲਈ ਸਤਲੁਜ ਦਰਿਆ ਦੇ ਕੰਢੇ ਹਰੀ ਕੇ ਪੱਤਣ ਵਿਖੇ ਜੋ 14 ਜੁਲਾਈ ਦਿਨ ਮੰਗਲਵਾਰ ਨੂੰ ਅਰਦਾਸ ਕਰਨ ਦਾ ਐਲਾਨ ਕੀਤਾ ਗਿਆ ਹੈ, ਉਹ ਉਪਰੋਕਤ ਸਿੱਖ ਮਰਿਯਾਦਾ ਦੀ ਰੋਸ਼ਨੀ ਵਿੱਚ ਢੁਕਵਾਂ ਨਹੀਂ ਹੈ। ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਹਵਾਲਾ ਦਿੰਦਿਆਂ ਕਿਹਾ ਕਿ ਸਿੰਘਾਂ ਨੇ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਲੀ ਵਿਖੇ ਸੋਧਿਆ ਸੀ ਤਾਂ ਉਸ ਦੀ ਅਰਦਾਸ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਹੋਈ ਸੀ। ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਦੋਂ ਜਨਰਲ ਵੈਦਿਆ ਨੂੰ ਉਨੇ ‘ਚ ਸੋਧਿਆ ਤਾਂ ਉਨ੍ਹਾਂ ਦੀ ਅਰਦਾਸ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ ਸੀ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਬਲ ਮਿਲਦਾ ਹੈ, ਰੋਸ਼ਨੀ ਮਿਲਦੀ ਹੈ ਤੋ ਸ਼ਾਂਤੀ ਮਿਲਦੀ ਹੈ। ਸੋ ਇਸ ਕਰਕੇ ਜਥੇ, ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਥ ਤੇ ਕੌਮ ਨੂੰ ਦੁਵਿਧਾ ‘ਚ ਨਾ ਪਾਇਆ ਜਾਵੇ। ਸਤਲੁਜ ਦਰਿਆ ‘ਤੇ ਅਰਦਾਸ ਕਰਨੀ ਉਚਿਤ ਨਹੀਂ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਸਾਡਾ ਸਿੱਖੀ ਧੁਰਾ ਹਨ। ਸਤਲੁਜ ‘ਤੇ ਅਰਦਾਸ ਕਰਨਾ ਮਨਮੁੱਖ ਹੋਵੇਗਾ, ਇਸ ਤਰ੍ਹਾਂ ਕਰਨ ਨਾਲ ਡੇਰਾਵਾਦ ਨੂੰ ਉਤਸ਼ਾਹਿਤ ਕਰਨ ਵੱਲ ਹੀ ਇਕ ਕਦਮ ਜਾਵੇਗਾ। ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਸ਼ਹੀਦ ਸਿੰਘ, ਲਾਪਤਾ ਹੋਏ ਨੌਜਵਾਨਾਂ ਅਤੇ ਅਣਮਨੁੱਖੀ ਤਸ਼ੱਦਦ ਸਹਿਣ ਕਰਨ ਵਾਲਿਆਂ ਦੀ ਅਰਦਾਸ ਕਰਨੀ ਹੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਮਾਗਮ ਕਰਵਾਇਆ ਜਾਵੇ ਅਤੇ ਕੌਮ ਤੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਹੀ ਜੋੜਿਆ ਜਾਵੇ ਨਾ ਕਿ ਤੋੜਿਆ ਜਾਵੇ । ਸਿੰਘ ਸਾਹਿਬ ਨੇ ਸਮੂਹ ਸੰਪ੍ਰਦਾਵਾਂ ਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਕਿ ਅਜਿਹੀ ਅਵੱਗਿਆ ਨਾ ਕੀਤੀ ਜਾਵੇ ਜੋ ਸਿੱਖ ਸਿਧਾਂਤਾਂ ਦੇ ਉਲਟ ਹੈ। ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਸ ਕਰਦੇ ਹਾਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣੇ ਐਲਾਨ ‘ਤੇ ਮੁੜ ਨਜ਼ਰਸਾਨੀ ਕਰਨਗੇ।

