Ardas Samagam at Harike Pattan by Sri Akal Takht Sahib in Memory of Bhai Jaswant Singh Khalra and All Martyrs
ਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ
ਸ੍ਰੀ ਅੰਮ੍ਰਿਤਸਰ, 14 ਜੁਲਾਈ – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਉਸ ਤੋਂ ਬਾਅਦ ਦੇ ਦੌਰ ਦੇ ਸਮੂਹ ਸ਼ਹੀਦਾਂ, ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਪੀੜਤ ਪਰਿਵਾਰਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸਮਾਪਤੀ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ। ਅਰਦਾਸ ਦੌਰਾਨ ਉਨ੍ਹਾਂ 1980 ਅਤੇ 1990 ਦੇ ਦਹਾਕਿਆਂ ਦੌਰਾਨ ਮਾਰੇ ਗਏ ਅਤੇ ਲਾਵਾਰਿਸ ਦੱਸ ਕੇ ਸਸਕਾਰ ਜਾਂ ਦਰਿਆਵਾਂ ਵਿੱਚ ਵਹਾਏ ਗਏ ਲੋਕਾਂ ਨੂੰ ਯਾਦ ਕਰਦਿਆਂ ਇਨਸਾਫ਼ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋ ਮਹੱਤਵਪੂਰਨ ਐਲਾਨ ਕੀਤੇ। ਉਨ੍ਹਾਂ ਹਰੀਕੇ ਪੱਤਣ ਨੂੰ ਅੱਜ ਤੋਂ ‘ਸ਼ਹੀਦੀ ਪੱਤਣ’ ਵਜੋਂ ਸੰਬੋਧਿਤ ਕਰਨ ਦਾ ਐਲਾਨ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਥੇ ‘ਸ਼ਹੀਦੀ ਪੱਤਣ ਯਾਦਗਾਰ’ ਸਥਾਪਤ ਕਰਨ ਲਈ ਆਦੇਸ਼ ਦਿੱਤੇ।

ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ 1982 ਤੋਂ 1995 ਤੱਕ ਦੇ ਸਮੂਹ ਸ਼ਹੀਦਾਂ ਅਤੇ ਉਨ੍ਹਾਂ ਵਿਅਕਤੀਆਂ, ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਸਕਾਰਿਆ ਜਾਂ ਮਾਰਿਆ ਗਿਆ, ਦਾ ਦਸਤਾਵੇਜ਼ੀਕਰਨ ਸ਼੍ਰੋਮਣੀ ਕਮੇਟੀ ਰਾਹੀਂ ਕਰਵਾਇਆ ਜਾਵੇਗਾ। ਇਹ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਇਤਿਹਾਸਕ ਦਸਤਾਵੇਜ਼ ਦਾ ਹਿੱਸਾ ਹੋਵੇਗਾ।
ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
