Ram Mandir Trust’s big decision: Saints will perform religious duties until CEO is appointed
ਰਾਮ ਮੰਦਰ ਟਰੱਸਟ ਦਾ ਵੱਡਾ ਫੈਸਲਾ: CEO ਦੀ ਨਿਯੁਕਤੀ ਹੋਣ ਤੱਕ ਸੰਤ ਨਿਭਾਉਣਗੇ ਧਾਰਮਿਕ ਜ਼ਿੰਮੇਵਾਰੀ
ਅਯੁੱਧਿਆ (ਆਵਾਜ਼ਿ ਕੌਮ ਬਿਊਰੋ)- ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਬੁੱਧਵਾਰ ਹੋਈ ਇਕ ਅਹਿਮ ਮੀਟਿੰਗ ’ਚ ਰਾਮ ਮੰਦਰ ਦੇ ਪ੍ਰਬੰਧਨ ਸੰਬੰਧੀ ਕਈ ਪ੍ਰਮੁੱਖ ਫੈਸਲੇ ਲਏ। ਟਰੱਸਟ ਨੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੀ ਨਿਯੁਕਤੀ ਤੱਕ ਮੰਦਰ ਦੇ ਧਾਰਮਿਕ ਕਾਰਜਾਂ ਦੀ ਜ਼ਿੰਮੇਵਾਰੀ ਸੰਤਾਂ ਨੂੰ ਸੌਂਪਣ ਦਾ ਫੈਸਲਾ ਕੀਤਾ। ਇਸ ਮੰਤਵ ਲਈ ਸਵਾਮੀ ਗੋਵਿੰਦ ਦੇਵ ਗਿਰੀ ਦੀ ਪ੍ਰਧਾਨਗੀ ਹੇਠ 9 ਮੈਂਬਰੀ ਧਾਰਮਿਕ ਕਮੇਟੀ ਬਣਾਈ ਗਈ ਹੈ। ਟਰੱਸਟ ਦੀ ਮੀਟਿੰਗ ਅਯੁੱਧਿਆ ’ਚ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਪ੍ਰਧਾਨਗੀ ਹੇਠ ਹੋਈ। ਸਾਉਣ ਦੇ ਮਹੀਨੇ ਦੌਰਾਨ ਸ਼ਰਧਾਲੂਆਂ ਦੀ ਵਧਦੀ ਗਿਣਤੀ, ਮੰਦਰ ਦੀ ਪ੍ਰਬੰਧਕੀ ਪ੍ਰਣਾਲੀ, ਸੀ. ਈ. ਓ. ਦੀ ਨਿਯੁਕਤੀ, ਚੜ੍ਹਾਵੇ ਦੀ ਗਿਣਤੀ ਕਰਨ ਦੀ ਪ੍ਰਣਾਲੀ, ਪੂਜਾ ਕਰਨ ਦਾ ਢੰਗ ਤੇ ਟਰੱਸਟ ’ਚ ਖਾਲੀ ਪਈਆਂ ਅਸਾਮੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ’ਚ ਫੈਸਲਾ ਲਿਅਾ ਗਿਆ ਕਿ ਸੀ. ਈ. ਓ. ਦੀ ਚੋਣ ’ਚ ਲੱਗਭਗ ਇਕ ਮਹੀਨਾ ਲੱਗੇਗਾ। ਉਦੋਂ ਤੱਕ ਮੰਦਰ ਦੇ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਸੰਤਾਂ ਦੀ ਅਗਵਾਈ ਹੇਠ ਕੀਤਾ ਜਾਵੇਗਾ। ਧਾਰਮਿਕ ਕਮੇਟੀ ’ਚ ਅਯੁੱਧਿਆ ਦੇ ਪ੍ਰਮੁੱਖ ਸੰਤਾਂ ਦੇ ਨਾਲ-ਨਾਲ ਟਰੱਸਟ ਨਾਲ ਜੁੜੇ ਸੰਤ ਵੀ ਸ਼ਾਮਲ ਹਨ। ਕਮੇਟੀ ਦੀ ਪ੍ਰਧਾਨਗੀ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਕਰਨਗੇ। ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਵਾਸੂਦੇਵਾਨੰਦ ਸਰਸਵਤੀ, ਮਾਧਵ ਪੀਠਾਧੀਸ਼ਵਰ ਸਵਾਮੀ ਵਿਸ਼ਵ ਪ੍ਰਸੰਨਾ ਤੀਰਥ ਜੀ ਮਹਾਰਾਜ, ਮਹੰਤ ਦਿਨੇਂਦਰ ਦਾਸ (ਨਿਰਮੋਹੀ ਅਖਾੜਾ), ਮਹੰਤ ਕਮਲਨਯਨ ਦਾਸ (ਮਣੀਰਾਮ ਦਾਸ ਛਾਉਣੀ), ਮਹੰਤ ਰਾਜ ਕੁਮਾਰ ਦਾਸ (ਰਾਮਵੱਲਭ ਕੁੰਜ), ਸਵਾਮੀ ਰਾਮਾਨੰਦ ਦਾਸ (ਰਾਮ ਕਥਾ ਕੁੰਜ), ਸਵਾਮੀ ਮਿਥਲੇਸ਼ ਨੰਦਿਨੀ ਸ਼ਰਨ ਤੇ ਯੁਗਪੁਰਸ਼ ਸਵਾਮੀ ਪਰਮਾਨੰਦ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ’ਚ ਰਾਮ ਮੰਦਰ ਦੇ ਚੜ੍ਹਾਵੇ ਦੀ ਗਿਣਤੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ’ਤੇ ਵੀ ਚਰਚਾ ਕੀਤੀ ਗਈ। ਟਰੱਸਟ ਨੇ ਕਿਹਾ ਕਿ ਟੀਮ ਦੀ ਅੰਤਿਮ ਰਿਪੋਰਟ ਅਜੇ ਨਹੀਂ ਮਿਲੀ, ਇਸ ਲਈ ਇਸ ਮਾਮਲੇ ‘ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਟਰੱਸਟ ਨੇ ਮੰਦਰ ਕੰਪਲੈਕਸ ’ਚ ਹੋਰ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਵੀ ਬੇਨਤੀ ਕੀਤੀ ਹੈ। ਕੈਮਰਿਆਂ ਲਈ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ। ਦੱਸਿਆ ਗਿਆ ਕਿ ਸੁਰੱਖਿਆ ਏਜੰਸੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਚੜ੍ਹਾਵੇ ਦੀ ਗਿਣਤੀ ਵਾਲੇ ਕਮਰੇ ਸਮੇਤ ਸਾਰੀਆਂ ਅਹਿਮ ਥਾਵਾਂ ਤੱਕ ਕੈਮਰਿਆਂ ਰਾਹੀਂ ਪਹੁੰਚ ਪ੍ਰਦਾਨ ਕੀਤੀ ਗਈ ਹੈ। ਮੀਟਿੰਗ ’ਚ ਦਾਨ ਦੀ ਚੜ੍ਹਾਵੇ ਸੰਬੰਧੀ ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਨਾਲ ਸਮਝੌਤਾ ਪੱਤਰ (ਐੱਮ. ਓ. ਯੂ.) ਦੀ ਵੀ ਸਮੀਖਿਆ ਕੀਤੀ ਗਈ। ਟਰੱਸਟ ਨੇ ਬੈਂਕ ਦੇ ਕੰਮਕਾਜ ਤੇ ਜ਼ਿੰਮੇਵਾਰੀਆਂ ਨੂੰ ਨਿਭਾਉਣ ’ਚ ਕਮੀਆਂ ’ਤੇ ਨਾਰਾਜ਼ਗੀ ਪ੍ਰਗਟਾਈ। ਵਿੱਤ ਕਮੇਟੀ ਨੂੰ ਬੈਂਕ ਨਾਲ ਭਵਿੱਖ ਦੇ ਸਬੰਧਾਂ ਤੇ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੀ ਸਮੀਖਿਆ ਕਰਨ ਤੇ ਜ਼ਰੂਰੀ ਫੈਸਲੇ ਲੈਣ ਦਾ ਨਿਰਦੇਸ਼ ਦਿੱਤਾ ਗਿਆ। ਸੀ. ਈ .ਓ. ਦੀ ਚੋਣ ਲਈ ਇਕ ਮਹੀਨਾ ਵਧਾਇਆ ਗਿਆ, ਸਕੱਤਰ ਨਿਯੁਕਤ ਹੋਵੇਗਾ ਮੀਟਿੰਗ ’ਚ ਸੀ. ਈ. ਓ. ਦੀ ਚੋਣ ਕਮੇਟੀ ਨੇ ਵੱਡੀ ਗਿਣਤੀ ’ਚ ਮਿਲੀਆਂ ਅਰਜ਼ੀਆਂ ਦਾ ਹਵਾਲਾ ਦਿੰਦੇ ਹੋਏ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਕ ਮਹੀਨਾ ਹੋਰ ਮੰਗਿਆ, ਜਿਸ ਨੂੰ ਟਰੱਸਟ ਨੇ ਮਨਜ਼ੂਰੀ ਦੇ ਦਿੱਤੀ। ਮੀਟਿੰਗ ਦੌਰਾਨ ਸੁਚਾਰੂ ਪ੍ਰਸ਼ਾਸਕੀ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇਕ ਸਕੱਤਰ ਦੀ ਨਿਯੁਕਤੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

