Matter of amendment in law against sacrilege; Jathedar Sahib Giani Kuldeep Singh Gargajj reminds the government of the deadline
ਬੇਅਦਬੀ ਖਿਲਾਫ ਕਾਨੂੰਨ ਵਿੱਚ ਸੋਧ ਦਾ ਮਾਮਲਾ ; ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਯਾਦ ਕਰਵਾਈ ਡੈੱਡਲਾਈਨ
Amritsar, (ਆਵਾਜ਼ਿ ਕੌਮ ਬਿਊਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਆਰੰਭ ਹੋਏ ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਉਸ ਸਮੇਂ ਇੱਕ ਅਹਿਮ ਪਲ ਵੇਖਣ ਨੂੰ ਮਿਲਿਆ ਜਦੋਂ ਮਾਰਚ ਚੀਫ ਖਾਲਸਾ ਦੀਵਾਨ ਦੇ ਮੁੱਖ ਦਰਵਾਜ਼ੇ ਅੱਗੇ ਪਹੁੰਚਿਆ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਮਾਰਚ ਦੇ ਸਵਾਗਤ ਲਈ ਮੌਜੂਦ ਸਨ। News ਮਾਰਚ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਈਕ ਰਾਹੀਂ ਜਨਤਕ ਤੌਰ ‘ਤੇ ਡਾ. ਨਿੱਜਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿੱਜਰ ਸਾਹਿਬ, 29 ਤਰੀਕ ਨੇੜੇ ਆ ਗਈ ਹੈ, ਅਜੇ ਤੱਕ ਕੁਝ ਵੀ ਨਹੀਂ ਕੀਤਾ, ਉਨ੍ਹਾਂ ਤੱਕ ਸੁਣੇਹਾ ਪਹੁੰਚਾ ਦਿਓ। ਜਥੇਦਾਰ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਪੱਧਰਾਂ ‘ਤੇ ਚਰਚਾ ਛਿੜ ਗਈ ਹੈ। ਦੱਸਣਯੋਗ ਹੈ ਕਿ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਅਦਬੀ ਨਾਲ ਸਬੰਧਤ ਕਾਨੂੰਨ ਵਿੱਚ ਸੋਧ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੈਬਨਿਟ ਮੰਤਰੀਆਂ ਅਤੇ ਕੁਝ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਕਾਨੂੰਨ ਵਿੱਚ ਲੋੜੀਂਦੀ ਸੋਧ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜਿਸ ਦੀ ਮਿਆਦ 29 ਜੁਲਾਈ ਨੂੰ ਪੂਰੀ ਹੋ ਰਹੀ ਹੈ। ਉਸ ਮੀਟਿੰਗ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਬੇਅਦਬੀ ਕਾਨੂੰਨ ਸਬੰਧੀ ਬਣਾਈ ਗਈ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਜੋਂ ਪੇਸ਼ ਹੋਏ ਸਨ। ਇਸੇ ਪ੍ਰਸੰਗ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਰਚ ਦੌਰਾਨ ਉਨ੍ਹਾਂ ਨੂੰ ਮਿਆਦ ਦੀ ਯਾਦ ਦਿਵਾਉਂਦੇ ਹੋਏ ਇਹ ਟਿੱਪਣੀ ਕੀਤੀ, ਜਿਸ ਨੂੰ ਕਈ ਲੋਕ ਬੇਅਦਬੀ ਕਾਨੂੰਨ ਵਿੱਚ ਸੋਧ ਸਬੰਧੀ ਦਿੱਤੇ ਭਰੋਸੇ ਦੀ ਯਾਦ ਦਿਵਾਉਣ ਵਜੋਂ ਦੇਖ ਰਹੇ ਹਨ।

