107-year-old ‘Bohar’ celebrates birthday! Special message to save trees
107 ਸਾਲ ਪੁਰਾਣੇ ‘ਬੋਹੜ’ ਦਾ ਮਨਾਇਆ ਗਿਆ ਜਨਮਦਿਨ ! ਛਾ ਗਿਆ ਦਰੱਖ਼ਤ ਬਚਾਉਣ ਦਾ ਖਾਸ ਸੰਦੇਸ਼
ਮਦੁਰਾਈ (ਆਵਾਜ਼ਿ ਕੌਮ ਬਿਊਰੋ)- ਤਾਮਿਲਨਾਡੂ ਦੇ ਮਦੁਰੈ ‘ਚ ਵਾਤਾਵਰਣ ਕਾਰਕੁਨਾਂ ਅਤੇ ਸਥਾਨਕ ਵਿਦਿਆਰਥੀਆਂ ਨੇ 107 ਸਾਲ ਪੁਰਾਣੇ ਬੋਹੜ ਦੇ ਦਰੱਖਤ ਦਾ ਜਨਮ ਮਨਾ ਕੇ ਰੁੱਖਾਂ ਦੀ ਸੰਭਾਲ ਦਾ ਸੁਨੇਹਾ ਅਨੋਖੇ ਅੰਦਾਜ ‘ਚ ਦਿੱਤਾ। ਮਦੁਰੈ ‘ਚ ਬੋਹੜ ਦੇ ਦਰੱਖਤ ਦਾ ਜਨਮਦਿਨ “ਗ੍ਰੀਨ ਨੇਚਰ ਫੈਸਟੀਵਲ” ਵਜੋਂ ਮਨਾਇਆ ਗਿਆ। ਇਸ ਦਾ ਆਯੋਜਨ ਜਲ ਬਾਡੀ ਸੰਭਾਲ ਅੰਦੋਲਨ ਅਤੇ ਹੋਰ ਜਨਤਕ ਭਲਾਈ ਟਰੱਸਟਾਂ ਦੁਆਰਾ ਕੀਤਾ ਗਿਆ। ਸੇਲੂਰ ਤਲਾਅ ਦੇ ਨੇੜੇ ਸੇਲੂਰ-ਕੁਲਮੰਗਲਮ ਮਾਰਗ ‘ਤੇ ਸਥਿਤ ਮੀਨਾਕਸ਼ੀਪੁਰਮ ਖੇਤਰ ‘ਚ ਆਯੋਜਿਤ ਇਸ ਸਮਾਗਮ ਦੀ ਅਗਵਾਈ ਜਲ ਬਾਡੀ ਸੰਭਾਲ ਅੰਦੋਲਨ ਦੇ ਸੰਸਥਾਪਕ ਅਬੂਬਕਰ ਨੇ ਕੀਤੀ। ਕਾਰਕੁਨਾਂ ਦੇ ਅਨੁਸਾਰ, ਇਹ 107 ਸਾਲ ਪੁਰਾਣਾ ਦਰੱਖਤ ਆਲੇ ਦੁਆਲੇ ਦੇ ਖੇਤਰ ‘ਚ 100 ਸਾਲ ਤੋਂ ਵੱਧ ਪੁਰਾਣਾ ਬਚਿਆ ਹੋਇਆ ਇਕੋ ਇਕ ਰੁੱਖ ਹੈ। ਇਸ ਤੋਂ ਪਹਿਲਾਂ ਸੜਕ ਚੌੜੀਕਰਨ ਅਤੇ ਪਾਰਕ ਨਿਰਮਾਣ ਲਈ ਘੱਟੋ-ਘੱਟ 7 ਹੋਰ ਬੋਹੜ ਦੇ ਦਰੱਖਤ ਕੱਟੇ ਜਾ ਚੁੱਕੇ ਹਨ। ਭਵਿੱਖ ‘ਚ ਕਿਸੇ ਬੁਨਿਆਦੀ ਢਾਂਚਾ ਪ੍ਰਾਜੈਕਟ ਲਈ ਇਸ ਦਰੱਖਤ ਦੀ ਕਟਾਈ ਨਾ ਹੋਵੇ, ਇਸ ਦੇ ਪ੍ਰਤੀ ਜਨਤਕ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਵਰਕਰ ਸਾਲ 2019 ਤੋਂ ਹਰ ਸਾਲ ਇਸ ਦਾ ਜਨਮ ਦਿਨ ਮਨਾ ਰਹੇ ਹਨ। ਸਥਾਨਕ ਲੋਕਾਂ ਅਤੇ ਰਾਜਾਜੀ ਮਿਡਲ ਸਕੂਲ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਕੇਕ ਕੱਟਿਆ, ਮਠਿਆਈਆਂ ਵੰਡੀਆਂ ਅਤੇ ਕੁਦਰਤ ਦੀ ਸੁਰੱਖਿਆ ਦਾ ਸੰਕਲਪ ਲਿਆ। ਇਸ ਮੌਕੇ ਬੋਹੜ ਦੇ ਦਰੱਖਤ ਨੂੰ ਸਜਾਇਆ ਗਿਆ। ਆਯੋਜਕਾਂ ਨੇ ਪ੍ਰੋਗਰਾਮ ‘ਚ ਸ਼ਾਮਲ ਵਿਦਿਆਰਥੀਆਂ ਨੂੰ ਨੋਟਬੁੱਕ ਅਤੇ ਪੌਦੇ ਵੀ ਵੰਡੇ। ਪ੍ਰੋਗਰਾਮ ਦੌਰਾਨ ਵਰਕਰਾਂ ਨੇ ਕਿਹਾ ਕਿ ਦਰੱਖਤ ਦੇ ਨੇੜੇ-ਤੇੜੇ ਸੁੱਟੇ ਗਏ ਕੂੜੇ ਨੂੰ ਸਾੜਨ ਨਾਲ ਉਸ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ, ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਲਾਈਨਾਂ ਕਾਰਨ ਬਿਜਲੀ ਬੋਰਡ ਦੇ ਕਰਮਚਾਰੀਆਂ ਵਲੋਂ ਸਮੇਂ-ਸਮੇਂ ‘ਤੇ ਟਾਹਣੀਆਂ ਦੀ ਕਟਾਈ ਅਤੇ ਸਥਾਨਕ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਵੀ ਦਰੱਖਤ ਲਈ ਖਤਰਾ ਬਣਿਆ ਹੋਇਆ ਹੈ। ਇਸ ਵਿਚ, ਕਰੂਰ ਜ਼ਿਲ੍ਹੇ ਦੇ ਕੁਲਿਥਲਾਈ ਖੇਤਰ ‘ਚ ਲਗਭਗ 200 ਸਾਲ ਪੁਰਾਣਾ ਇਕ ਬੋਹੜ ਦਾ ਦਰੱਖਤ ਡਿੱਗ ਗਿਆ। ਇਸ ਘਟਨਾ ‘ਚ 2 ਵਾਹਨ ਨੁਕਸਾਨੇ ਗਏ।

