Ban on migrant laborers staying in this village of Punjab! Unique order of the Panchayat
ਪੰਜਾਬ ਦੇ ਇਸ ਪਿੰਡ ‘ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ‘ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ
ਟਾਂਡਾ ਉੜਮੁੜ (ਆਵਾਜ਼ਿ ਕੌਮ ਬਿਊਰੋ)-ਇਤਿਹਾਸਕ ਨਗਰ ਮੂਨਕ ਖੁਰਦ ਵਿਖੇ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦਾ ਆਮ ਇਜਲਾਸ ਹੋਇਆ। ਜਿਸ ਦੌਰਾਨ ਪਿੰਡ ‘ਚ ਵਧ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ‘ਤੇ ਰੋਕ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਆਮ ਇਜਲਾਸ ਦੌਰਾਨ ਗ੍ਰਾਮ ਪੰਚਾਇਤ ਤੋਂ ਇਲਾਵਾ ਪਿੰਡ ਦੇ ਮੋਹਤਵਰ ਸਾਬਕਾ ਸਰਪੰਚਾਂ ਨੰਬਰਦਾਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਮੋਹਤਵਰ ਪਤਵੰਤੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਪਿੰਡ ‘ਚ ਪੱਕੇ ਤੌਰ ‘ਤੇ ਮਕਾਨ ਖ਼ਰੀਦ ਕੇ ਰਹਿਣ ‘ਤੇ ਰੋਕ ਲਗਾਉਣ ਲਈ ਮਤਾ ਪਾਸ ਕੀਤਾ ਗਿਆ। ਇਸ ਸਮੇਂ ਸਰਪੰਚ ਮਨਪ੍ਰੀਤ ਕੌਰ, ਸਾਬਕਾ ਸਰਪੰਚ ਸ਼ਾਮ ਸਿੰਘ, ਨੰਬਰਦਾਰ ਦਰਬਾਰਾ ਸਿੰਘ, ਪੰਚ ਸਰਬਜੀਤ ਸਿੰਘ ਮੋਮੀ, ਨੰਬਰਦਾਰ ਗੁਰਿੰਦਰ ਸਿੰਘ , ਪੰਚ ਰਾਜਵਿੰਦਰ ਕੌਰ, ਪੰਚ ਹਰਪ੍ਰੀਤ ਸਿੰਘ , ਪੰਚ ਸਵਰਨ ਕੌਰ , ਸਮਾਜ ਸੇਵੀ ਸੁਰਜੀਤ ਸਿੰਘ ਭਾਰਦਵਾਜ, ਸਮਾਜ ਸੇਵੀ ਕਮਲਜੀਤ ਸਿੰਘ, ਅਮਰੀਕ ਸਿੰਘ ਸੈਣੀ ਨੇ ਦੱਸਿਆ ਕਿ ਵੇਖਣ ‘ਚ ਆਇਆ ਹੈ ਕਿ ਪਿੰਡ ‘ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਕਾਨ ਖ਼ਰੀਦ ਕੇ ਪੱਕੇ ਤੌਰ ‘ਤੇ ਰਿਹਾਇਸ਼ ਬਣਾਈ ਜਾ ਰਹੀ ਹੈ ਪਰ ਅਪਰਾਧਕ ਪਿਛੋਕੜ ਨਾਲ ਸੰਬੰਧਤ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਪੱਕੇ ਤੌਰ ‘ਤੇ ਰੋਕ ਲਗਾਉਣ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਵੱਲੋਂ ਉੱਪ ਮੰਡਲ ਮੈਜਿਸਟ੍ਰੇਟ ਟਾਂਡਾ ਨੂੰ ਮੰਗ ਪੱਤਰ ਦੇ ਕੇ ਪ੍ਰਵਾਸੀ ਮਜ਼ਦੂਰਾਂ ‘ਤੇ ਕਾਰਵਾਈ ਕਰਨ ਅਤੇ ਇਸ ਵਿੱਚ ਸਹਿਯੋਗ ਕਰਨ ਵਾਲਿਆਂ ‘ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਆਮ ਇਜਲਾਸ ਦੌਰਾਨ ਪਿੰਡ ‘ਚ ਰਹਿੰਦੇ ਵਿਕਾਸ ਕਾਰਜਾਂ ਅਤੇ ਪਿੰਡ ਦੀ ਬਿਹਤਰੀ ਵਾਸਤੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇਹ ਵਿਕਾਸ ਕਾਰਜ ਲਗਾਤਾਰ ਪਿੰਡ ‘ਚ ਚੱਲ ਰਹੇ ਹਨ। ਇਸ ਮੀਟਿੰਗ ‘ਚ ਰਵਿੰਦਰ ਸਿੰਘ ਕਾਕਾ, ਨਿਰੰਕਾਰ ਸਿੰਘ ਮਿੰਟੂ, ਰਵਿੰਦਰ ਸਿੰਘ ਲਾਡੀ, ਜਸਵੀਰ ਸਿੰਘ ਗਿਟਕੀ, ਰਾਜਾ ਸਿੰਘ, ਪ੍ਰਗਨ ਸਿੰਘ ਬਾਊ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ, ਹਰਭਜਨ ਸਿੰਘ ਫੌਜੀ, ਮਨਜੀਤ ਸਿੰਘ ਬਬਲੂ, ਹਿੰਮਤ ਭਾਰਦਵਾਜ ਆਦਿ ਹਾਜ਼ਰ ਸਨ।

