The impact of Punjab Bandh was also seen in Jalandhar! Shops, markets closed and silence spread on the roads
ਜਲੰਧਰ ‘ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ ‘ਤੇ ਪਸਰਿਆ ਸੰਨਾਟਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਬਰਨਾਲਾ ‘ਚ ਸਫ਼ਾਈ ਕਰਮਚਾਰੀਆਂ ‘ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਭਾਵੇਂ ਕਈ ਅਫ਼ਸਰਾਂ ‘ਤੇ ਕਾਰਵਾਈ ਹੋਈ ਹੈ ਪਰ ਇਸ ਦੇ ਬਾਵਜੂਦ ਵਾਲਮੀਕਿ ਭਾਈਚਾਰੇ ਦਾ ਗੁੱਸਾ ਜ਼ੋਰਾਂ ‘ਤੇ ਹੈ। ਘਟਨਾ ਕਾਰਨ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਮ ਜਨਤਾ, ਵਪਾਰਕ ਸੰਗਠਨਾਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਖੇਤਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਸੀ। ਪੰਜਾਬ ਬੰਦ ਦੀ ਕਾਲ ਦਾ ਅਸਰ ਜਲੰਧਰ ਵਿਚ ਵੀ ਵੇਖਣ ਨੂੰ ਮਿਲਿਆ। ਦੁਕਾਨਦਾਰਾਂ ਨੇ ਅੱਜ ਸ਼ੇਖਾਂ ਬਾਜ਼ਾਰ, ਕਿਸ਼ਨਪੁਰਾ ਅਤੇ ਹੋਰ ਬਾਜ਼ਾਰ ਬੰਦ ਕਰਵਾਏ। ਸਾਰੀਆਂ ਦੁਕਾਨਾਂ ਬੰਦ, ਬਾਜ਼ਾਰ ਬੰਦ ਹਨ ਅਤੇ ਸੜਕਾਂ ‘ਤੇ ਸੰਨਾਟਾ ਪਸਰਿਆ ਪਿਆ ਹੈ। ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਹੀ ਛੋਟ ਦਿੱਤੀ ਗਈ ਹੈ। ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਥੇ ਇਹ ਵੀ ਦੱਸ ਦੇਈਏ ਕਿ ਇਸ ਬੰਦ ਦੇ ਸੱਦੇ ਦੇ ਮੱਦੇਨਜ਼ਰ ਜਲੰਧਰ ਵਿਚ ਕਈ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਜਲੰਧਰ ਦੇ ਕਈ ਨਾਮੀ ਸਕੂਲਾਂ ਨੇ ਬਕਾਇਦਾ ਬੱਚਿਆਂ ਦੇ ਮਾਪਿਆਂ ਨੂੰ ਫੋਨ ‘ਤੇ ਮੈਸੇਜ ਭੇਜ ਛੁੱਟੀ ਸੰਬੰਧੀ ਜਾਣੂੰ ਕਰਵਾਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਆਕ੍ਰਿਸ਼ੀ ਜੈਨ ਨੇ ਦੱਸਿਆ ਕਿ ਵਾਲਮੀਕਿ ਭਾਈਚਾਰੇ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੂੰ ਦੱਸਿਆ ਕਿ ਵਾਲਮੀਕਿ ਭਾਈਚਾਰੇ ਦੇ ਲੋਕ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ‘ਤੇ ਇਕੱਠੇ ਹੋਏ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪੁਲਸ ਨੇ ਮੁੱਖ ਚੌਕ ‘ਤੇ ਪੁਲਸ ਫੋਰਸ ਤਾਇਨਾਤ ਕੀਤੀ ਹੈ। ਪੁਲਸ ਦਾ ਮਕਸਦ ਹੈ ਕਿ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਹੋਣ ਅਤੇ ਕਿਸੇ ਵੀ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਾ ਆਵੇ। ਵਾਲਮੀਕਿ ਸੰਗਠਨਾਂ ਨੇ ਸਰਬਸੰਮਤੀ ਨਾਲ ਭਰੋਸਾ ਦਿੱਤਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। ਇਸ ਸਮੇਂ ਦੌਰਾਨ ਪੁਲਸ ਨੇ ਜਨਤਾ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਦਰਅਸਲ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਾਰੀ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ। ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਭਾਵਿਤ ਕਰਮਚਾਰੀਆਂ ਨੂੰ ਤੁਰੰਤ ਇਨਸਾਫ਼ ਦਿਵਾਇਆ ਜਾਵੇ। ਪੰਜਾਬ ਬੰਦ ਦੇ ਮੱਦੇਨਜ਼ਰ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਾਂਤੀਪੂਰਨ ਰੈਲੀਆਂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਸਾਰੇ ਸਮਰਥਕਾਂ ਅਤੇ ਜਨਤਾ ਨੂੰ ਇਸ ਅੰਦੋਲਨ ਦੌਰਾਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਲੋਕਤੰਤਰੀ ਪਹੁੰਚ ਅਪਣਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਸਹਿਯੋਗ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਦਰਸ਼ਨਾਂ ਦੌਰਾਨ ਜਨਤਾ ਨੂੰ ਅਸੁਵਿਧਾ ਨਾ ਹੋਵੇ ਅਤੇ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰਹੇ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਬਰਨਾਲਾ ਵਿਚ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਪੁਲਸ ਨੇ ਲਾਠੀਚਰਾਜ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਬਰਨਾਲਾ ਦੇ ਡੀ. ਐੱਸ. ਪੀ. ਨੂੰ ਸਸਪੈਂਡ ਕਰ ਦਿੱਤਾ। ਇਸ ਕਾਰਵਾਈ ਤੋਂ ਬਾਅਦ ਵੀ ਵਾਲਮੀਕਿ ਭਾਈਚਾਰੇ ਦਾ ਗੁੱਸਾਂ ਸ਼ਾਂਤ ਨਹੀਂ ਹੋਇਆ। ਜਿਨ੍ਹਾਂ ਨੇ ਸਰਕਾਰ ਅੱਗੇ ਦੋ ਮੰਗਾਂ ਰੱਖੀਆਂ ਹਨ। ਜਿਸ ਵਿਚ ਮੰਗ ਕੀਤੀ ਗਈ ਹੈ ਕਿ ਨਿਹੱਥੇ ਸਫਾਈ ਸੇਵਕਾਂ ‘ਤੇ ਉਪਰ ਲਾਠੀਚਾਰਜ ਦੀ ਕਰਨ ਦੀ ਘਟਨਾ ਦੀ ਨਿਰਪੱਖ ਜਾਂਚ ਜਾਵੇ ਅਤੇ ਦੂਜਾ ਲਾਠੀਚਾਰਜ ਕਰਨ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

