2873 serious criminals were present during the student protest, Delhi Police makes a big claim
ਵਿਦਿਆਰਥੀ ਪ੍ਰਦਰਸ਼ਨ ਦੌਰਾਨ ਮੌਜੂਦ ਸਨ 2873 ਸੰਗੀਨ ਅਪਰਾਧੀ, ਦਿੱਲੀ ਪੁਲਸ ਦਾ ਵੱਡਾ ਦਾਅਵਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਕਰੋਚ ਪ੍ਰੋਟੈਸਟ ਦੌਰਾਨ ਜੰਤਰ-ਮੰਤਰ ਅਤੇ ਨਵੀਂ ਦਿੱਲੀ ਦੇ ਆਸ-ਪਾਸ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਸ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਸ ਸਰੋਤਾਂ ਨੇ ਦਾਅਵਾ ਕੀਤਾ ਹੈ ਕਿ 20 ਤੋਂ 25 ਜੁਲਾਈ ਦੌਰਾਨ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਸੰਗੀਨ ਅਪਰਾਧਾਂ ਦੇ 2873 ਮੁਲਜ਼ਮ ਅਤੇ ਅਪਰਾਧੀ ਮੌਜੂਦ ਸਨ। ਦਿੱਲੀ ਪੁਲਸ, ਤਕਨੀਕੀ ਸਾਧਨਾਂ ਅਤੇ ਫੇਸ਼ੀਅਲ ਰਿਕੋਗਨਿਸ਼ਨ ਸਿਸਟਮ ਰਾਹੀਂ ਅਪਰਾਧੀਆਂ ਦੀ ਪਛਾਣ ਕਰ ਰਹੀ ਹੈ। ਇਨ੍ਹਾਂ ਵਿਚੋਂ ਕਈ ਸ਼ਾਤਿਰ ਅਪਰਾਧੀ ਵਾਰ-ਵਾਰ ਪ੍ਰਦਰਸ਼ਨ ਵਾਲੀ ਥਾਂ ’ਤੇ ਆ ਰਹੇ ਸਨ, ਜਿਸ ਕਰ ਕੇ ਪੁਲਸ ਹੁਣ ਹਿੰਸਾ ਵਿਚ ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਦੇ ਖ਼ਦਸ਼ੇ ਹੇਠ ਜਾਂਚ ਕਰ ਰਹੀ ਹੈ। ਜਾਂਚ ’ਚ ਕੁੱਲ 100 ਵੀਡੀਓਜ਼ ਦੀ ਵਰਤੋਂ ਕੀਤੀ ਗਈ। ਇਨ੍ਹਾਂ ਵਿਚ ਵੱਖ-ਵੱਖ ਥਾਵਾਂ ਦੇ ਸੀ. ਸੀ. ਟੀ. ਵੀ. ਫੁਟੇਜ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਸ਼ਾਮਲ ਦੱਸੇ ਗਏ ਹਨ। ਇਨ੍ਹਾਂ ਹੀ ਵੀਡੀਓਜ਼ ਦੇ ਆਧਾਰ ’ਤੇ ਪ੍ਰਦਰਸ਼ਨ ਦੌਰਾਨ ਮੌਜੂਦ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਗਿਆ। ਜਾਂਚ ਦੇ ਮੁਤਾਬਕ ਕੁੱਲ 2873 ਲੋਕਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿਚੋਂ 989 ਲੋਕਾਂ ਖ਼ਿਲਾਫ ਗੰਭੀਰ ਅਪਰਾਧਾਂ ’ਚ ਪਹਿਲਾਂ ਤੋਂ ਰਿਕਾਰਡ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਲੁੱਟ, ਜਬਰ-ਜ਼ਨਾਹ, ਔਰਤਾਂ ਖ਼ਿਲਾਫ ਅਪਰਾਧ, ਆਰਮਜ਼ ਐਕਟ, ਝਪਟਮਾਰੀ, ਅਗਵਾ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ਸ਼ਾਮਲ ਦੱਸੇ ਗਏ ਹਨ। ਦਿੱਲੀ ’ਚ ਸੀਜੇਪੀ ਪਾਰਟੀ ਦੇ 20 ਜੁਲਾਈ ਨੂੰ ਹੋਏ ‘ਸੰਸਦ ਚੱਲੋ’ ਮਾਰਚ ਦੌਰਾਨ ਆਰ. ਏ. ਐੱਫ. ਦੇ ਇਕ ਜਵਾਨ ਨੇ ਆਪਣੀ ਪੈਲਟ ਗੰਨ ’ਚੋਂ ਕੁੱਲ 7 ਰਾਊਂਡ ਫਾਇਰ ਕੀਤੇ ਸਨ। CRPF ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ’ਚੋਂ 5 ਰਾਊਂਡ ਪ੍ਰਦਰਸ਼ਨਕਾਰੀਆਂ ਨੂੰ ਲੱਗੇ, ਜਦਕਿ 2 ਜ਼ਮੀਨ ’ਤੇ ਲੱਗੇ। ਇਹ ਜਾਣਕਾਰੀ ਮਾਮਲੇ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਜਾਂਚ ਮੁਤਾਬਕ ਜਵਾਨ ਦੀ ਤਾਇਨਾਤੀ ਕਨਾਟ ਪਲੇਸ ਇਲਾਕੇ ’ਚ ਸੀ। ਇਸ ਦੌਰਾਨ ਉਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੈਲਟ ਗੰਨ ਨਾਲ ਫਾਇਰ ਕੀਤਾ। ਇਸ ਮਾਮਲੇ ਦੇ ਸਬੰਧ ਵਿਚ ਸੂਤਰਾਂ ਦਾ ਕਹਿਣਾ ਹੈ ਕਿ ਇਹ ਫਾਇਰਿੰਗ ਉਸ ਸਮੇਂ ਕੀਤੀ ਗਈ, ਜਦੋਂ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਮੁਲਾਜ਼ਮਾਂ ’ਤੇ ਹਮਲਾ ਕੀਤਾ ਅਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਘਟਨਾ ’ਚ ਘੱਟੋ-ਘੱਟ 3 ਵਿਅਕਤੀ ਪੈਲਟ ਲੱਗਣ ਨਾਲ ਜ਼ਖਮੀ ਹੋਏ ਸਨ। ਇਨ੍ਹਾਂ ’ਚ ਗੁਰੂਗ੍ਰਾਮ ’ਚ ਕੰਮ ਕਰਨ ਵਾਲੇ 25 ਸਾਲਾ ਇਰਸ਼ਾਦ ਸ਼ੇਖ, ਦਿੱਲੀ ਯੂਨੀਵਰਸਿਟੀ ਦੇ 19 ਸਾਲਾ ਵਿਦਿਆਰਥੀ ਸਾਹਿਬ ਲੋਛਾਬ ਅਤੇ ਇਕ ਮੈਗਜ਼ੀਨ ਦਾ 28 ਸਾਲਾ ਪੱਤਰਕਾਰ ਸ਼ਾਮਲ ਹੈ। ਜ਼ਖਮੀ ਹੋਣ ਤੋ ਬਾਅਦ ਤਿੰਨਾਂ ਦਾ ਹਸਪਤਾਲ ’ਚ ਇਲਾਜ ਕਰਵਾਇਆ ਗਿਆ।

