65-year-old grandfather conquers the mountains of Jammu and Kashmir on a motorcycle with his 11-year-old granddaughter
65 ਸਾਲਾ ਨਾਨੇ ਨੇ 11 ਸਾਲਾ ਦੋਹਤੀ ਨਾਲ ਮੋਟਰਸਾਈਕਲ ‘ਤੇ ਫ਼ਤਿਹ ਕੀਤੇ ਜੰਮੂ-ਕਸ਼ਮੀਰ ਦੇ ਪਹਾੜ
ਸ੍ਰੀ ਮੁਕਤਸਰ ਸਾਹਿਬ (ਆਵਾਜ਼ਿ ਕੌਮ ਬਿਊਰੋ)-ਆਪਣੀ ਦਲੇਰੀ ਅਤੇ ਸਾਹਸੀ ਕਾਰਜਾਂ (ਐਡਵੈਂਚਰ) ਲਈ ਜਾਣੇ ਜਾਂਦੇ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ 65 ਸਾਲਾ ਜਗਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ। ਉਨ੍ਹਾਂ ਨੇ ਆਪਣੀ 11 ਸਾਲਾ ਦੋਹਤੀ ਅੰਦਾਜ਼ ਬਰਾੜ ਪੁੱਤਰੀ ਸੰਦੀਪ ਸਿੰਘ ਬਰਾੜ ਨਾਲ ਮਿਲ ਕੇ ਰੋਇਲ ਐਨਫੀਲਡ ਹਿਮਾਲੀਅਨ ਮੋਟਰਸਾਈਕਲ ‘ਤੇ ਜੰਮੂ-ਕਸ਼ਮੀਰ ਦੀਆਂ ਖਤਰਨਾਕ ਅਤੇ ਪਹਾੜੀ ਘਾਟੀਆਂ ਦਾ 1338 ਕਿਲੋਮੀਟਰ ਲੰਬਾ ਸਫ਼ਰ ਸਫਲਤਾਪੂਰਵਕ ਪੂਰਾ ਕੀਤਾ ਹੈ। 21 ਤੋਂ 26 ਜੁਲਾਈ ਤੱਕ ਚੱਲੇ ਇਸ ਸਫ਼ਰ ਦੌਰਾਨ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼, ਲੈਂਡਸਲਾਈਡਿੰਗ (ਪਹਾੜ ਖਿਸਕਣ) ਅਤੇ ਖਰਾਬ ਮੌਸਮ ਕਾਰਨ ਸਥਿਤੀ ਬਹੁਤ ਨਾਜ਼ੁਕ ਸੀ। ਪ੍ਰਸ਼ਾਸਨ ਵੱਲੋਂ ਯਾਤਰਾ ‘ਤੇ ਰੋਕਾਂ ਹੋਣ ਦੇ ਬਾਵਜੂਦ, ਮਾਨ ਦੇ ਅਟੱਲ ਇਰਾਦੇ ਅਤੇ ਛੋਟੀ ਬਾਲੜੀ ਅੰਦਾਜ਼ ਬਰਾੜ ਦੇ ਬੁਲੰਦ ਹੌਸਲੇ ਨੇ ਇਸ ਜੋਖਮ ਭਰੇ ਸਫ਼ਰ ਨੂੰ ਰੂਟ ਬਦਲ ਕੇ ਜਾਰੀ ਰੱਖਿਆ। ਸਫ਼ਰ ਦੇ ਦੌਰਾਨ ਮੋਟਰਸਾਈਕਲ ਦੇ ਪਿਛਲੇ ਬ੍ਰੇਕ ਲੈਦਰ ਟੁੱਟਣ ਵਰਗੀ ਵੱਡੀ ਤਕਨੀਕੀ ਖਰਾਬੀ ਵੀ ਆਈ, ਪਰ ਸ. ਮਾਨ ਨੇ ਆਪਣੇ ਸੰਜਮ ਅਤੇ ਅਨੁਭਵ ਨਾਲ ਇਸ ਮੁਸ਼ਕਿਲ ਦਾ ਸਾਹਮਣਾ ਕੀਤਾ ਅਤੇ ਮੰਜ਼ਿਲ ਪ੍ਰਾਪਤ ਕੀਤੀ। ਨਾਨੇ-ਦੋਹਤੀ ਦੀ ਇਸ ਜੋੜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਸਫ਼ਰ ਸ਼ੁਰੂ ਕਰਕੇ ਫਰੀਦਕੋਟ, ਤਲਵੰਡੀ ਭਾਈ, ਤਰਨ ਤਾਰਨ, ਸ੍ਰੀ ਅੰਮ੍ਰਿਤਸਰ ਸਾਹਿਬ, ਕਠੂਆ, ਜੰਮੂ, ਊਧਮਪੁਰ, ਰਾਮਬਨ, ਕਾਜ਼ੀਗੁੰਡ, ਅਨੰਤਨਾਗ ਅਤੇ ਸ਼੍ਰੀਨਗਰ ਤੱਕ ਦੀ ਯਾਤਰਾ ਕੀਤੀ। ਇਸ ਤੋਂ ਬਾਅਦ ਇਸੇ ਰਸਤੇ ਵਾਪਸ ਪਰਤ ਕੇ ਕੁੱਲ 1338 ਕਿਲੋਮੀਟਰ ਦਾ ਪੜਾਅ ਤੈਅ ਕੀਤਾ। ਸਫ਼ਰ ਮੁਕੰਮਲ ਕਰਕੇ ਘਰ ਪਰਤਣ ‘ਤੇ ਪਰਿਵਾਰਕ ਮੈਂਬਰਾਂ, ਸਨੇਹੀਆਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਨਾਨੇ-ਦੋਹਤੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਫੁੱਲਾਂ ਦੀ ਵਰਖਾ ਕੀਤੀ ਗਈ, ਆਤਿਸ਼ਬਾਜ਼ੀ ਚਲਾਈ ਗਈ ਅਤੇ ਦੋਹਾਂ ਦੇ ਗਲ ਵਿੱਚ ਮੈਡਲ ਤੇ ਸ਼ਾਲ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਖਾਸ ਮੌਕੇ ‘ਤੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਜਗਸੀਰ ਸਿੰਘ, ਹਰਜੋਤ ਸਿੰਘ ਰੌਕੀ, ਅਨੰਤ ਸਿੰਘ ਬਰਾੜ, ਅਸੀਸ ਕੌਰ ਬਰਾੜ, ਸੁਖਦੀਪ ਕੌਰ, ਸੁਖਵਿੰਦਰ ਕੌਰ, ਬੇਟੀ ਜਿੰਦਪ੍ਰੀਤ ਮਾਨ, ਅਹਿਸਾਸ ਕੌਰ ਬਰਾੜ ਅਤੇ ਪਰਮਿੰਦਰ ਕੌਰ ਮਾਨ ਸਮੇਤ ਵੱਡੀ ਗਿਣਤੀ ਵਿੱਚ ਪੱਤਵੰਤੇ ਹਾਜ਼ਰ ਸਨ, ਜਿਹਨਾਂ ਨੇ ਇਸ ਅਨੋਖੀ ਅਤੇ ਦਲੇਰਾਨਾ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

