Ram temple offering case to be investigated afresh: New SIT decides on investigation strategy
ਰਾਮ ਮੰਦਰ ਚੜ੍ਹਾਵਾ ਮਾਮਲੇ ਦੀ ਨਵੇਂ ਸਿਰਿਓਂ ਹੋਵੇਗੀ ਜਾਂਚ: ਨਵੀਂ SIT ਵਲੋਂ ਜਾਂਚ ਦੀ ਰਣਨੀਤੀ ਤੈਅ
ਅਯੁੱਧਿਆ (ਆਵਾਜ਼ਿ ਕੌਮ ਬਿਊਰੋ)-ਸ਼੍ਰੀ ਰਾਮ ਜਨਮਭੂਮੀ ਮੰਦਰ ਦੇ ਚੜ੍ਹਾਵੇ ’ਚ ਕਥਿਤ ਚੋਰੀ ਦੇ ਮਾਮਲੇ ਦੀ ਜਾਂਚ ਹੁਣ ਨਵੇਂ ਸਿਰੇ ਤੋਂ ਕੀਤੀ ਜਾਵੇਗੀ। ਸੁਪਰੀਮ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਵੀਰਵਾਰ ਨੂੰ ਅਧਿਕਾਰੀਆਂ ਨਾਲ ਵਰਚੁਅਲ ਬੈਠਕ ਕਰ ਕੇ ਜਾਂਚ ਦੀ ਰਣਨੀਤੀ ਤੈਅ ਕੀਤੀ ਅਤੇ ਹੁਣ ਤੱਕ ਹੋਈ ਕਾਰਵਾਈ ਦੀ ਵਿਸਥਾਰਤ ਸਮੀਖਿਆ ਕੀਤੀ। ਬੈਠਕ ’ਚ ਪੁਲਸ ਜਾਂਚ ਦੀ ਪ੍ਰਗਤੀ, ਇਕੱਠੇ ਕੀਤੇ ਗਏ ਦਸਤਾਵੇਜ਼ੀ ਅਤੇ ਡਿਜੀਟਲ ਸਬੂਤਾਂ, ਬੈਂਕ ਮੁਲਾਜ਼ਮਾਂ ਦੀ ਭੂਮਿਕਾ ਤੇ ਮਾਮਲੇ ’ਚ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਫੀਡਬੈਕ ਲਿਆ ਗਿਆ। SIT ਨੇ ਜੇਲ੍ਹ ’ਚ ਬੰਦ ਅੱਠਾਂ ਮੁਲਜ਼ਮਾਂ ਦੀ ਸਥਿਤੀ ਦੇ ਨਾਲ-ਨਾਲ ਉਨ੍ਹਾਂ ਲੋਕਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜੋ ਹਾਲੇ ਜਾਂਚ ਏਜੰਸੀਆਂ ਦੇ ਰਾਡਾਰ ’ਤੇ ਹਨ। ਨਵੀਂ SIT ਦੀ ਅਗਵਾਈ ਲਖਨਊ ਰੇਂਜ ਦੇ ਆਈ. ਜੀ. ਕਿਰਨ ਐੱਸ. ਕਰ ਰਹੇ ਹਨ। ਟੀਮ ’ਚ ਅਯੁੱਧਿਆ ਰੇਂਜ ਦੇ ਡੀ. ਆਈ. ਜੀ. ਸੋਮੇਨ ਵਰਮਾ ਅਤੇ ਅਯੁੱਧਿਆ ਦੇ SSP ਡਾ. ਗੌਰਵ ਗਰੋਵਰ ਵੀ ਸ਼ਾਮਲ ਹਨ। ਪਹਿਲਾਂ ਐੱਸ. ਐੱਸ. ਪੀ. ਅਤੇ ਡੀ. ਆਈ. ਜੀ. ਪੁਲਸ ਜਾਂਚ ਦੀ ਨਿਗਰਾਨੀ ਕਰ ਰਹੇ ਸਨ ਪਰ ਹੁਣ ਉਨ੍ਹਾਂ ਨੂੰ ਰਸਮੀ ਰੂਪ ’ਚ SIT ਦਾ ਮੈਂਬਰ ਬਣਾ ਕੇ ਜਾਂਚ ਅੱਗੇ ਵਧਾਈ ਜਾਵੇਗੀ। ਸੂਤਰਾਂ ਅਨੁਸਾਰ ਐੱਸ. ਆਈ. ਟੀ. ਪੂਰੇ ਮਾਮਲੇ ਦੀ ਸ਼ੁਰੂਆਤ ਤੋਂ ਸਮੀਖਿਆ ਕਰੇਗੀ। ਮੁਲਜ਼ਮਾਂ ਤੋਂ ਦੁਬਾਰਾ ਪੁੱਛਗਿੱਛ, ਬਰਾਮਦਗੀ ਦੀ ਜਾਂਚ, ਦਸਤਾਵੇਜ਼ੀ ਅਤੇ ਡਿਜੀਟਲ ਸਬੂਤਾਂ ਦਾ ਵਿਗਿਆਨਕ ਪ੍ਰੀਖਣ ਅਤੇ ਸ਼ੱਕੀਆਂ ਦੀਆਂ ਜਾਇਦਾਦਾਂ ਤੇ ਵਿੱਤੀ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾਵੇਗੀ। ਲੋੜ ਪੈਣ ’ਤੇ ਸਬੰਧਤ ਲੋਕਾਂ ਤੋਂ ਨਵੇਂ ਸਿਰੇ ਤੋਂ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ। ਜਾਂਚ ਨੂੰ ਹੋਰ ਤਕਨੀਕੀ ਰੂਪ ’ਚ ਮਜ਼ਬੂਤ ਬਣਾਉਣ ਲਈ ਐੱਸ. ਆਈ. ਟੀ. ’ਚ ਜਲਦ ਹੀ ਇਕ ਫੋਰੈਂਸਿਕ ਮਾਹਿਰ ਅਤੇ ਇਕ ਚਾਰਟਰਡ ਅਕਾਊਂਟੈਂਟ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਆਫਲੇ ਰਾਮ ਮੰਦਰ ਨਿਰਮਾਣ ਦੇ ਸ਼ੁਰੂਆਤੀ ਪੜਾਅ ਤੋਂ ਇੰਜੀਨੀਅਰ ਵਜੋਂ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਹਨ, ਜਦਕਿ ਚੰਦਨ ਰਾਏ ਨੂੰ ਉਨ੍ਹਾਂ ਦੀ ਵਿੱਤੀ ਮੁਹਾਰਤ ਅਤੇ ਚਾਰਟਰਡ ਅਕਾਊਂਟੈਂਟ ਹੋਣ ਕਾਰਨ ਇਸ ਜ਼ਿੰਮੇਵਾਰੀ ’ਚ ਸ਼ਾਮਲ ਕੀਤਾ ਗਿਆ ਹੈ। ਨਵੀਂ ਐੱਸ. ਆਈ. ਟੀ. ਦੀ ਜਾਂਚ ਅਤੇ ਟਰੱਸਟ ਦੀਆਂ ਪ੍ਰਸ਼ਾਸਨਿਕ ਵਿਵਸਥਾਵਾਂ ’ਚ ਕੀਤੇ ਗਏ ਬਦਲਾਅ ਨੂੰ ਚੜ੍ਹਾਵਾ ਮਾਮਲੇ ਦੀ ਪਾਰਦਰਸ਼ੀ ਜਾਂਚ ਅਤੇ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਬੈਂਕਿੰਗ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਨਵੀਂ ਸਾਈਨਿੰਗ ਅਥਾਰਟੀ ਵੀ ਤੈਅ ਕਰ ਦਿੱਤੀ ਹੈ। ਟਰੱਸਟ ਨੇ ਅੰਤ੍ਰਿਮ ਜਨਰਲ ਸਕੱਤਰ ਕ੍ਰਿਸ਼ਨਮੋਹਨ, ਸੀਨੀਅਰ ਮੈਂਬਰ ਜਗਦੀਸ਼ ਆਫਲੇ ਅਤੇ ਚਾਰਟਰਡ ਅਕਾਊਂਟੈਂਟ ਚੰਦਨ ਰਾਏ ਨੂੰ ਬੈਂਕ ਖਾਤਿਆਂ ਦੇ ਸੰਚਾਲਨ ਲਈ ਅਧਿਕਾਰਤ ਕੀਤਾ ਹੈ। ਬੈਂਕ ਤੋਂ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਇਨ੍ਹਾਂ 3 ’ਚੋਂ ਕਿਸੇ ਵੀ 2 ਅਧਿਕਾਰਤ ਦਸਤਖ਼ਤਾਂ ਦੇ ਆਧਾਰ ’ਤੇ ਕੀਤਾ ਜਾਵੇਗਾ।

