6.3 magnitude earthquake! The earth shook badly, causing widespread damage in the Philippines
6.3 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਈ ਧਰਤੀ, ਫਿਲੀਪੀਨਜ਼ ‘ਚ ਮਚੀ ਤੜਥੱਲੀ
Manila, (ਆਵਾਜ਼ਿ ਕੌਮ ਬਿਊਰੋ)-ਦੱਖਣੀ ਏਸ਼ੀਆਈ ਦੇਸ਼ ਫਿਲੀਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ‘ਦਾਵਾਓ ਓਕਸੀਡੈਂਟਲ’ ਪ੍ਰਾਂਤ ‘ਚ ਵੀਰਵਾਰ ਸਵੇਰੇ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਪਿਛਲੇ 24 ਘੰਟਿਆਂ ‘ਚ ਇਸ ਇਲਾਕੇ ‘ਚ ਆਇਆ ਇਹ ਦੂਜਾ ਵੱਡਾ ਭੂਚਾਲ ਹੈ। ‘ਫਿਲੀਪੀਨਜ਼ ਇੰਸਟੀਚਿਊਟ ਆਫ਼ ਵੋਲਕੈਨੋਲੋਜੀ ਐਂਡ ਸੀਸਮੋਲੋਜੀ’ ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਮੁਤਾਬਕ ਵੀਰਵਾਰ ਤੜਕੇ 5:41 ਵਜੇ ਆਇਆ। ਇਸ ਭੂਚਾਲ ਦਾ ਕੇਂਦਰ ਬਾਲੁਟ ਟਾਪੂ ਦੇ ਤੱਟ ਤੋਂ 99 ਕਿਲੋਮੀਟਰ ਦੂਰ ਸਮੁੰਦਰ ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ 12:14 ਵਜੇ ਵੀ ਇਸੇ ਇਲਾਕੇ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੀ ਡੂੰਘਾਈ 13 ਕਿਲੋਮੀਟਰ ਸੀ। ਹਾਲਾਂਕਿ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਭੂਚਾਲਾਂ ਤੋਂ ਫਿਲਹਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਤਾਜ਼ਾ ਝਟਕੇ ਉਸ ਭੂਚਾਲ ਤੋਂ ਬਾਅਦ ਆਏ ਹਨ, ਜੋ 8 ਜੂਨ ਨੂੰ ਮਿੰਡਾਨਾਓ ਟਾਪੂ ‘ਚ ਆਇਆ ਸੀ। ਉਸ ਹਾਦਸੇ ਵਿੱਚ ਇਮਾਰਤਾਂ ਢਹਿ ਜਾਣ ਅਤੇ ਲੈਂਡਸਲਾਈਡ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ ਸੀ। ਉਸ ਭੂਚਾਲ ਕਾਰਨ ਸਮੁੰਦਰੀ ਤਲ ਵੀ 2 ਮੀਟਰ ਤੱਕ ਉੱਚਾ ਉੱਠ ਗਿਆ ਸੀ, ਜਿਸ ਨਾਲ ਸਮੁੰਦਰੀ ਜੀਵ-ਜੰਤੂਆਂ ਅਤੇ ਕੋਰਲ ਰੀਫ਼ਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਫਿਲੀਪੀਨਜ਼ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫਾਇਰ’ ਖੇਤਰ ‘ਚ ਸਥਿਤ ਹੈ, ਜਿਸ ਕਾਰਨ ਇੱਥੇ ਭੂਚਾਲ ਅਤੇ ਜਵਾਲਾਮੁਖੀ ਗਤੀਵਿਧੀਆਂ ਅਕਸਰ ਹੁੰਦੀਆਂ ਰਹਿੰਦੀਆਂ ਹਨ।

