Pratapgarh: 100-year-old house collapses, 6 members of the same family die after being buried under rubble
ਪ੍ਰਤਾਪਗੜ੍ਹ: ਢੇਰੀ ਹੋਇਆ 100 ਸਾਲ ਪੁਰਾਣਾ ਮਕਾਨ, ਮਲਬੇ ਹੇਠ ਦੱਬਣ ਨਾਲ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ
ਪ੍ਰਤਾਪਗੜ੍ਹ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਹੂਲੀ ਪਿੰਡ ਵਿੱਚ ਵੀਰਵਾਰ ਤੜਕੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਕਰੀਬ 100 ਸਾਲ ਪੁਰਾਣਾ ਇੱਕ ਖਸਤਾ ਹਾਲ ਮਕਾਨ ਅਚਾਨਕ ਡਿੱਗ ਗਿਆ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਪਰਿਵਾਰ ਦਾ ਸਿਰਫ਼ ਇੱਕ ਮੈਂਬਰ, 28 ਸਾਲਾ ਅਮਨ ਸ਼੍ਰੀਵਾਸਤਵ ਹੀ ਸੁਰੱਖਿਅਤ ਬਚ ਸਕਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਨਗਰ ਕੋਤਵਾਲੀ ਖੇਤਰ ਦੇ ਪਿੰਡ ਮਹੂਲੀ ਵਿੱਚ ਰਾਤ ਕਰੀਬ 2:00 ਵਜੇ ਵਾਪਰਿਆ। ਉਸ ਸਮੇਂ ਪਰਿਵਾਰ ਦੇ ਸਾਰੇ ਜੀਅ ਘਰ ਅੰਦਰ ਸੌਂ ਰਹੇ ਸਨ। ਮਕਾਨ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਪੁਲਸ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਈ ਘੰਟਿਆਂ ਤੱਕ ਰੈਸਕਿਊ ਆਪ੍ਰੇਸ਼ਨ ਚਲਾਇਆ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਮਲਬੇ ਵਿੱਚੋਂ ਕੱਢੇ ਗਏ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਪ੍ਰਮੋਦ ਸ਼੍ਰੀਵਾਸਤਵ, ਰੀਤਾ ਸ਼੍ਰੀਵਾਸਤਵ, ਨਿਤਿਨ ਸ਼੍ਰੀਵਾਸਤਵ, ਮਾਧੁਰੀ ਸ਼੍ਰੀਵਾਸਤਵ, ਮਾਧਵ ਅਤੇ ਮਾਸੂਮ ਅਦਵਿਕ ਵਜੋਂ ਹੋਈ ਹੈ। ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ। ਹਾਦਸੇ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਖਸਤਾ ਹਾਲ ਵਿੱਚ ਪਈਆਂ ਪੁਰਾਣੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਅਜਿਹੀਆਂ ਇਮਾਰਤਾਂ ਨੂੰ ਖਾਲੀ ਨਾ ਕਰਵਾਉਣ ਕਾਰਨ ਅਜਿਹੇ ਵੱਡੇ ਹਾਦਸੇ ਵਾਪਰਦੇ ਹਨ। ਫਿਲਹਾਲ ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

