Earthquake tremors felt in Nashik, Maharashtra! Cracks in many houses, panic among people
ਮਹਾਰਾਸ਼ਟਰ ਦੇ ਨਾਸਿਕ ‘ਚ ਭੂਚਾਲ ਦੇ ਝਟਕੇ! ਕਈ ਮਕਾਨਾਂ ‘ਚ ਪਈਆਂ ਤਰੇੜਾਂ, ਲੋਕਾਂ ‘ਚ ਦਹਿਸ਼ਤ
ਨਾਸਿਕ (ਆਵਾਜ਼ਿ ਕੌਮ ਬਿਊਰੋ)- ਮਹਾਰਾਸ਼ਟਰ ਦੇ ਨਾਸਿਕ ‘ਚ ਹਲਕਾ ਭੂਚਾਲ ਆਇਆ, ਜਿਸ ਕਾਰਨ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਹੋਏ, ਜਿਸ ਕਾਰਨ ਜ਼ਿਲ੍ਹੇ ਦੇ ਕੁਝ ਹਿੱਸਿਆਂ ‘ਚ ਘਰਾਂ ‘ਚ ਤਰੇੜਾਂ ਆ ਗਈਆਂ ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (NCS) ਦੇ ਅਨੁਸਾਰ, ਸ਼ਨੀਵਾਰ ਰਾਤ 10 ਵਜੇ ਨਾਸਿਕ ‘ਚ 4.3 ਤੀਬਰਤਾ ਦਾ ਭੂਚਾਲ ਆਇਆ। ਐਤਵਾਰ ਸਵੇਰੇ 5:33 ਵਜੇ 3.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਦੇ ਅਨੁਸਾਰ, ਮਹਾਰਾਸ਼ਟਰ-ਗੁਜਰਾਤ ਸਰਹੱਦ ਦੇ ਨੇੜੇ ਹਟਗੜ੍ਹ ਪਹਾੜੀ ਸ਼੍ਰੇਣੀ ਦੇ ਨੇੜੇ ਭਾਨਵੜ ਖੇਤਰ ਵਿੱਚ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਭੂਚਾਲ ਦੀ ਗਤੀਵਿਧੀ ਦਰਜ ਕੀਤੀ ਗਈ। ਨਾਸਿਕ ਸ਼ਹਿਰ ਦੇ ਕੁਝ ਹਿੱਸਿਆਂ ਤੋਂ ਇਲਾਵਾ, ਜ਼ਿਲ੍ਹੇ ਦੀਆਂ ਸੁਰਗਾਨਾ, ਕਲਵਾਨ, ਦਿਓਲਾ, ਚਾਂਦਵਾੜ, ਪੇਠ, ਡਿੰਡੋਰੀ ਅਤੇ ਨਿਫਾੜ ਤਹਿਸੀਲਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਘਬਰਾਏ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰਗਾਨਾ ਤਹਿਸੀਲ ਦੇ ਭਾਦਰ ਅਤੇ ਡਿੰਡੋਰੀ ਤਹਿਸੀਲ ਦੇ ਨਾਨਾਸ਼ੀ ‘ਚ ਕੁਝ ਘਰਾਂ ਦੀਆਂ ਕੰਧਾਂ ‘ਚ ਤਰੇੜਾਂ ਦਿਖਾਈ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਬੰਨ੍ਹਾਂ ਦਾ ਵੀ ਮੁਆਇਨਾ ਕੀਤਾ ਗਿਆ, ਪਰ ਕੋਈ ਨੁਕਸਾਨ ਨਹੀਂ ਹੋਇਆ। ਜ਼ਿਲ੍ਹਾ ਮੈਜਿਸਟਰੇਟ ਆਯੁਸ਼ ਪ੍ਰਸਾਦ ਨੇ ਕਿਹਾ, “ਲੋਕਾਂ ਨੂੰ ਘਬਰਾਉਣ ਜਾਂ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ, ਜ਼ਿਲ੍ਹੇ ਵਿੱਚ 25 ਤੋਂ 28 ਜੁਲਾਈ ਅਤੇ 6 ਅਗਸਤ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

