Typhoon Dolphin wreaks havoc in China! More than 1,300 flights canceled in Shanghai, people evacuated
ਚੀਨ ‘ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ ‘ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ
Beijing, (ਆਵਾਜ਼ਿ ਕੌਮ ਬਿਊਰੋ)-ਚੀਨ ‘ਚ ‘ਟਾਈਫੂਨ ਡੌਲਫਿਨ’ ਦੇ ਵੱਧਦੇ ਖਤਰੇ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸ਼ਕਤੀਸ਼ਾਲੀ ਸਮੁੰਦਰੀ ਤੂਫਾਨ ਦੇ ਮੱਦੇਨਜ਼ਰ ਸਾਵਧਾਨੀ ਵਰਤਦਿਆਂ ਸ਼ੰਘਾਈ ਦੇ ਦੋ ਪ੍ਰਮੁੱਖ ਹਵਾਈ ਅੱਡਿਆਂ ਤੋਂ 1,300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਐਤਵਾਰ ਸਵੇਰ ਤੱਕ ਤੂਫਾਨੀ ਹਵਾਵਾਂ ਦੀ ਰਫ਼ਤਾਰ 162 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਪ੍ਰਸ਼ਾਸਨ ਨੇ ਤੂਫਾਨ ਦੇ ਖਤਰੇ ਨੂੰ ਦੇਖਦਿਆਂ ਤੱਟੀ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਜ਼ੇਜੀਆੰਗ ਸੂਬੇ ‘ਚ ਲਗਭਗ 3.9 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ ਸ਼ੰਘਾਈ ਦੇ ਜੋਖਮ ਵਾਲੇ ਇਲਾਕਿਆਂ ਤੋਂ ਵੀ 30,000 ਤੋਂ ਵੱਧ ਲੋਕਾਂ ਨੂੰ ਹਟਾਇਆ ਗਿਆ ਹੈ। ਸ਼ੰਘਾਈ ਦੇ ਹੋਂਗਕਿਆਓ ਅਤੇ ਪੁਡੋਂਗ ਹਵਾਈ ਅੱਡਿਆਂ ‘ਤੇ ਐਤਵਾਰ ਨੂੰ ਹੋਣ ਵਾਲੀਆਂ ਲਗਭਗ 60 ਫੀਸਦੀ ਉਡਾਣਾਂ ਰੱਦ ਰਹੀਆਂ। ਤੂਫਾਨ ਦੇ ਖਤਰੇ ਕਾਰਨ ਪ੍ਰਸ਼ਾਸਨ ਨੇ ਸਮੁੰਦਰੀ ਗਤੀਵਿਧੀਆਂ ‘ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਫੈਰੀ ਅਤੇ ਕਰੂਜ਼ ਸੇਵਾਵਾਂ ਸ਼ਾਮਲ ਹਨ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ 200 ਤੋਂ 400 ਮਿਲੀਮੀਟਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਦਾ ਗੰਭੀਰ ਖਤਰਾ ਬਣਿਆ ਰਹਿ ਸਕਦਾ ਹੈ। ਇਸ ਤੂਫਾਨ ਦਾ ਅਸਰ ਗੁਆਂਢੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਤੂਫਾਨ ਦੇ ਬਾਹਰੀ ਹਿੱਸੇ ਉੱਤਰੀ ਤਾਈਵਾਨ ਨਾਲ ਟਕਰਾਏ, ਜਿਸ ਕਾਰਨ ਰਾਜਧਾਨੀ ਤਾਈਪੇ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ। ਫਿਲਹਾਲ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

