Cloud burst in Uttarakhand, bridge washed away, heavy rain in Punjab and Himachal
ਉੱਤਰਾਖੰਡ ’ਚ ਫਟਿਆ ਬੱਦਲ, ਰੁੜ੍ਹ ਗਿਆ ਪੁਲ, ਪੰਜਾਬ ਤੇ ਹਿਮਾਚਲ ’ਚ ਭਾਰੀ ਮੀਂਹ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਇੱਥੇ ਭਾਰਤ-ਚੀਨ ਸਰਹੱਦ ਕੋਲ ਲਤਾ ਪਿੰਡ ਦੇ ਨੇੜੇ ਬੱਦਲ ਫਟਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ. ਆਰ. ਓ.) ਦਾ ਇਕ ਪੁਲ ਰੁੜ੍ਹ ਗਿਆ। ਇਸ ਦੌਰਾਨ ਪੁਲ ਕੋਲ ਖੜ੍ਹੀ ਬੀ. ਆਰ. ਓ. ਦੀ ਇਕ ਜੀਪ ਵੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੁੜ੍ਹ ਗਈ। ਇਸ ਘਟਨਾ ਦੌਰਾਨ ਇਕ ਵਿਅਕਤੀ ਦੇ ਲਾਪਤਾ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ। ਉੱਥੇ ਹੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਭਾਰੀ ਮੀਂਹ ਪਿਆ। ਹਿਮਾਚਲ ’ਚ ਮੀਂਹ ਕਾਰਨ 124 ਸੜਕਾਂ ਬੰਦ ਹੋ ਗਈਆਂ ਹਨ। ਉੱਥੇ ਹੀ, ਮੱਧ ਪ੍ਰਦੇਸ਼ ਦੇ ਰਾਜਗੜ੍ਹ ’ਚ ਨਿਰਮਾਣ ਅਧੀਨ ਪੁਲ ’ਤੇ ਭਾਰੀ ਮੀਂਹ ਵਿਚਾਲੇ ਈਕੋ ਵੈਨ ਨਾਲੇ ’ਚ ਰੁੜ੍ਹ ਗਈ। ਯੂ. ਪੀ. ’ਚ ਗੰਗਾ-ਯਮੁਨਾ ਸਮੇਤ 10 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਫਰੂਖਾਬਾਦ-ਬਿਜਨੌਰ ’ਚ ਗੰਗਾ ਨਦੀ ਦਾ ਪਾਣੀ ਹਾਈਵੇਅ ਦੇ ਉੱਪਰ ਵਹਿ ਰਿਹਾ ਹੈ। ਕਈ ਸੜਕਾਂ ਡੁੱਬ ਗਈਆਂ ਹਨ। 40 ਪਿੰਡ ਹੜ੍ਹ ਦੀ ਲਪੇਟ ’ਚ ਹਨ। ਲੋਕ ਸੜਕਾਂ ’ਤੇ ਟੈਂਟ ਲਗਾ ਕੇ ਰਹਿ ਰਹੇ ਹਨ। ਕਾਸ਼ੀ ’ਚ ਸਾਰੇ 84 ਘਾਟਾਂ ਨੂੰ ਜੋੜਨ ਵਾਲੇ ਰਸਤੇ ਪਾਣੀ ਨਾਲ ਭਰ ਗਏ ਹਨ। ਗੰਗਾ ਦਾ ਪਾਣੀ ਮਣੀਕਰਣਿਕਾ ਘਾਟ ਤੱਕ ਪਹੁੰਚ ਗਿਆ ਹੈ।

