Rear of IndiGo plane hits runway during landing, 178 passengers narrowly escape
ਲੈਂਡਿੰਗ ਵੇਲੇ ਰਨਵੇਅ ਨਾਲ ਟਕਰਾਇਆ ਇੰਡੀਗੋ ਜਹਾਜ਼ ਦਾ ਪਿਛਲਾ ਹਿੱਸਾ, ਵਾਲ-ਵਾਲ ਬਚੇ 178 ਯਾਤਰੀ
ਗੋਰਖਪੁਰ (ਆਵਾਜ਼ਿ ਕੌਮ ਬਿਊਰੋ)-ਗੋਰਖਪੁਰ ਏਅਰਪੋਰਟ ’ਤੇ 19 ਅਗਸਤ ਨੂੰ ਦਿੱਲੀ ਤੋਂ ਆ ਰਹੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਫਲਾਈਟ 6ਈ 2381 ਦੇ ਪਿਛਲੇ ਹਿੱਸੇ (ਟੇਲ) ਦੇ ਰਨਵੇਅ ਨਾਲ ਟਕਰਾਉਣ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਦੁਬਾਰਾ ਹਵਾ ਵਿਚ ਚੁੱਕ ਲਿਆ। ਕਰੀਬ 15-20 ਮਿੰਟ ਬਾਅਦ ਏ. ਟੀ. ਸੀ. ਤੋਂ ਕਲੀਅਰੈਂਸ ਮਿਲਣ ’ਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਕਰੂ ਮੈਂਬਰਾਂ ਸਮੇਤ 178 ਯਾਤਰੀ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦੇ ਉਤਰਨ ਤੋਂ ਬਾਅਦ ਨਿਯਮਿਤ ਜਾਂਚ ਵਿਚ ਪਿਛਲੇ ਹਿੱਸੇ ਵਿਚ ਆਕਸੀਲਰੀ ਪਾਵਰ ਯੂਨਿਟ (ਏ. ਪੀ. ਯੂ.) ਕੋਲ ਰਗੜ ਦੇ ਨਿਸ਼ਾਨ ਮਿਲੇ। ਇਸ ਤੋਂ ਬਾਅਦ ਜਹਾਜ਼ ਨੂੰ ਆਰਜ਼ੀ ਤੌਰ ’ਤੇ ਸੇਵਾ ਤੋਂ ਹਟਾ ਦਿੱਤਾ ਗਿਆ। ਫਿਲਹਾਲ ਤਕਨੀਕੀ ਜਾਂਚ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਏਅਰਪੋਰਟ ਅਥਾਰਟੀ ਮੁਤਾਬਕ ਤਕਨੀਕੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਜਹਾਜ਼ ਨੂੰ ਦੁਬਾਰਾ ਉਡਾਣ ਵਿਚ ਸ਼ਾਮਲ ਕੀਤਾ ਜਾਵੇਗਾ। ਗੋਰਖਪੁਰ ਏਅਰਪੋਰਟ ’ਤੇ ਰੋਜ਼ਾਨਾ ਕਰੀਬ 20-22 ਉਡਾਣਾਂ ਦਾ ਸੰਚਾਲਨ ਹੁੰਦਾ ਹੈ। ਇੱਥੇ ਰਨਵੇਅ ਦੀ ਲੰਬਾਈ ਕਰੀਬ 2.7 ਕਿਲੋਮੀਟਰ ਹੈ ਅਤੇ ਇਸ ਦਾ ਸੰਚਾਲਨ ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਕਰਦਾ ਹੈ।

