3 members of the same family washed away in the river while returning from school! Outcry in Bilaspur
ਸਕੂਲ ਤੋਂ ਪਰਤਦੇ ਸਮੇਂ ਨਦੀ ‘ਚ ਰੁੜ੍ਹ ਗਏ ਇਕੋ ਪਰਿਵਾਰ ਦੇ 3 ਜਵਾਕ ! ਬਿਲਾਸਪੁਰ ‘ਚ ਮਚੀ ਹਾਹਾਕਾਰ
ਬਿਲਾਸਪੁਰ (ਆਵਾਜ਼ਿ ਕੌਮ ਬਿਊਰੋ)-ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ‘ਚ ਸਕੂਲ ਤੋਂ ਪਰਤਦੇ ਸਮੇਂ ਨਦੀ ਪਾਰ ਕਰਨ ਦੌਰਾਨ ਤੇਜ਼ ਵਹਾਅ ’ਚ ਇਕ ਹੀ ਪਰਿਵਾਰ ਦੇ 3 ਬੱਚੇ ਰੁੜ੍ਹ ਗਏ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਬੱਚਿਆਂ ਦੀ ਪਛਾਣ ਅਨਮੋਲ ਜਾਇਸਵਾਲ (6), ਸਤੁਤੀ ਜਾਇਸਵਾਲ (7) ਅਤੇ ਸਿਕਸ਼ਾ ਜਾਇਸਵਾਲ (7) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਅਤੇ ਪੁਲਸ ਟੀਮ ਨੇ ਤੁਰੰਤ ਨਦੀ ’ਚ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਉਥੇ ਹੀ, ਸੂਬਾਈ ਆਫ਼ਤ ਪ੍ਰਤੀਕਿਰਿਆ ਫੋਰਸ (ਐੱਸ. ਡੀ. ਆਰ. ਐੱਫ.) ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਐੱਸ. ਡੀ. ਆਰ. ਐੱਫ. ਅਤੇ ਹੋਰ ਟੀਮਾਂ ਨੇ ਨਦੀ ’ਚ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਬੱਚੀ ਸਤੁਤੀ ਦੀ ਲਾਸ਼ ਸ਼ਨੀਵਾਰ ਨੂੰ ਦੇਰ ਸ਼ਾਮ ਘਟਨਾ ਵਾਲੀ ਥਾਂ ਤੋਂ 50 ਮੀਟਰ ਦੂਰ ਝਾੜੀਆਂ ’ਚੋਂ ਬਰਾਮਦ ਕੀਤੀ ਗਈ। ਐਤਵਾਰ ਸਵੇਰੇ ਬਾਕੀ ਦੋਵਾਂ ਬੱਚਿਆਂ (ਸਿਕਸ਼ਾ ਅਤੇ ਅਨਮੋਲ) ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸੂਰੀ ਘਾਟ ਤੋਂ ਬਰਾਮਦ ਕੀਤੀਆਂ ਗਈਆਂ।

