Punjab: Petrol bomb thrown at broker’s house, bullets fired, sound of explosion shakes area
ਪੰਜਾਬ: ਆੜ੍ਹਤੀਏ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ ਤੇ ਚਲਾਈਆਂ ਗੋਲੀਆਂ, ਧਮਾਕੇ ਦੀ ਆਵਾਜ਼ ਨੇ ਦਹਿਲਿਆ ਇਲਾਕਾ
ਸ੍ਰੀ ਅੱਚਲ ਸਾਹਿਬ (ਆਵਾਜ਼ਿ ਕੌਮ ਬਿਊਰੋ)-ਅੱਡਾ ਰੰਗੜ ਨੰਗਲ ਵਿਖੇ ਆੜ੍ਹਤੀਏ ਦੇ ਘਰ ‘ਤੇ ਪੈਟਰੋਲ ਬੰਬ ਸੁੱਟਣ ਅਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰੰਗੜ ਨੰਗਲ ਜੋ ਆੜ੍ਹਤ ਦਾ ਕੰਮ ਕਰਦਾ ਹੈ, ਕੁਝ ਦਿਨ ਪਹਿਲਾਂ ਹੀ ਆਪਣੇ ਬੱਚਿਆਂ ਕੋਲ ਵਿਦੇਸ਼ ਗਿਆ ਹੋਇਆ ਹੈ। ਘਰ ‘ਚ ਰਹਿੰਦੇ ਕਾਮੇ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਧਮਾਕੇ ਦੀ ਆਵਾਜ਼ ਆਈ ਅਤੇ ਨਾਲ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ‘ਤੇ ਥਾਣਾ ਰੰਗੜ ਨੰਗਲ ਦੀ ਪੁਲਸ ਮੌਕੇ ‘ਤੇ ਪਹੁੰਚੀ। ਜਾਂਚ ‘ਚ ਪਤਾ ਲੱਗਾ ਕਿ ਮਹਿਤਾ ਵਾਲੇ ਪਾਸੇ ਤੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੋਠੀ ‘ਤੇ ਪੈਟਰੋਲ ਬੰਬ ਸੁੱਟਿਆ ਅਤੇ ਦੋ ਫਾਇਰ ਕਰਕੇ ਮਹਿਤਾ ਵਾਲੇ ਪਾਸੇ ਹੀ ਫਰਾਰ ਹੋ ਗਏ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਅੱਡਾ ਅੰਮੋ ਨੰਗਲ ਵਿਖੇ ਸ਼ਾਮ ਵੇਲੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕਰਿਆਨਾ ਸਟੋਰ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ‘ਚ ਅਜੇ ਤੱਕ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲੀ। ਲਗਾਤਾਰ ਦੂਜੀ ਵਾਰ ਹੋਈ ਫਾਇਰਿੰਗ ਦੀ ਘਟਨਾ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦ ਥਾਣਾ ਰੰਗੜ ਨੰਗਲ ਦੇ SHO ਸੁਖਜਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।

