Punjab: 2 elderly people climb 200 feet high high voltage electricity pole, administration faces chaos
ਪੰਜਾਬ: 200 ਫੁੱਟ ਉੱਚੇ ਹਾਈ ਵੋਲਟੇਜ ਬਿਜਲੀ ਦੇ ਖੰਭੇ ‘ਤੇ ਚੜ੍ਹੇ 2 ਬਜ਼ੁਰਗ, ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ
ਪਠਾਨਕੋਟ (ਆਵਾਜ਼ਿ ਕੌਮ ਬਿਊਰੋ)-ਸੁਜਾਨਪੁਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਮਾਧੋਪੁਰ-ਸ਼ਾਹਪੁਰ ਕੰਢੀ ਰੋਡ ਸਥਿਤ ਪਿੰਡ ਸਾਧੋੜੀ ਵਿਖੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਹਾਈ ਵੋਲਟੇਜ਼ ਬਿਜਲੀ ਦੇ ਖੰਭੇ ’ਤੇ ਚੜ੍ਹ ਗਏ। ਜਾਣਕਾਰੀ ਅਨੁਸਾਰ ਸੰਘਰਸ਼ ਕਮੇਟੀ ਦੇ ਮੈਂਬਰ 81 ਸਾਲਾ ਕੁਲਵਿੰਦਰ ਸਿੰਘ ਅਤੇ 85 ਸਾਲਾ ਸ਼ਰਮ ਸਿੰਘ ਨੇ ਇਹ ਕਦਮ ਚੁੱਕਿਆ ਹੈ। ਦੋਵੇਂ ਬਜ਼ੁਰਗ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਸਥਿਤ ਹਾਈ ਵੋਲਟੇਜ ਬਿਜਲੀ ਦੇ ਖੰਭੇ, ਉਚਾਈ 200 ਫੁੱਟ ’ਤੇ ਚੜ੍ਹੇ ਹਨ। ਦੋਵਾਂ ਬਜ਼ੁਰਗਾਂ ‘ਤੇ ਵੱਡਾ ਹਾਦਸੇ ਦਾ ਬਣਿਆ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਜ਼ੁਰਗ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਸਖ਼ਤ ਕਦਮ ਚੁੱਕਿਆ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਵੀ ਦੋਵਾਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਜਾ ਰਹੀ ਹੈ। ਫਿਲਹਾਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਦੋਵਾਂ ਬਜ਼ੁਰਗਾਂ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਘਟਨਾ ਨੇ ਪ੍ਰਸ਼ਾਸਨ ਸਾਹਮਣੇ ਜਿੱਥੇ ਸੁਰੱਖਿਆ ਦੀ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ, ਉੱਥੇ ਹੀ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਲੈ ਕੇ ਵੀ ਮੁੜ ਚਰਚਾ ਛੇੜ ਦਿੱਤੀ ਹੈ।

