There is a severe shortage of health workers in the country, 19 lakh doctors and 76 lakh nurses are needed.
ਦੇਸ਼ ’ਚ ਸਿਹਤ ਕਰਮਚਾਰੀਆਂ ਦੀ ਭਾਰੀ ਘਾਟ, 19 ਲੱਖ ਡਾਕਟਰਾਂ ਅਤੇ 76 ਲੱਖ ਨਰਸਾਂ ਦੀ ਲੋੜ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦੇਸ਼ ਵਿਚ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੁਕਾਬਲੇ ਡਾਕਟਰ, ਨਰਸ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਉਪਲੱਬਧਤਾ ਅਜੇ ਵੀ ਬਹੁਤ ਘੱਟ ਹੈ। ‘ਦਿ ਲੈਂਸੇਟ ਪਬਲਿਕ ਹੈਲਥ’ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਪ੍ਰਤੀ 10,000 ਆਬਾਦੀ ’ਤੇ ਸਿਰਫ਼ 10.5 ਡਾਕਟਰ ਅਤੇ 10.8 ਨਰਸਿੰਗ ਸਟਾਫ਼ ਉਪਲੱਬਧ ਹਨ। ਸਾਰੇ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਦੇਸ਼ ਨੂੰ ਲੱਗਭਗ 19 ਲੱਖ ਵਾਧੂ ਡਾਕਟਰਾਂ ਅਤੇ 76 ਲੱਖ ਨਰਸਾਂ ਦੀ ਲੋੜ ਹੈ। ਰਿਪੋਰਟ ਅਨੁਸਾਰ ਭਾਰਤ ਵਿਚ ਪ੍ਰਤੀ 10,000 ਆਬਾਦੀ ’ਤੇ ਔਸਤਨ 73.1 ਸਿਹਤ ਕਰਮਚਾਰੀ ਹਨ। ਇਨ੍ਹਾਂ ਵਿਚ 8.1 ਫਾਰਮਾਸਿਸਟ ਅਤੇ ਫਾਰਮੇਸੀ ਸਹਾਇਕ ਅਤੇ 2.5 ਦੰਦਾਂ ਦੇ ਡਾਕਟਰ ਸ਼ਾਮਲ ਹਨ। ਕਮਿਊਨਿਟੀ ਹੈਲਥ ਵਰਕਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਜੋੜਨ ਤੋਂ ਬਾਅਦ ਇਹ ਅੰਕੜਾ 73.1 ਤੱਕ ਪਹੁੰਚਦਾ ਹੈ। ਮਾਹਰਾਂ ਅਨੁਸਾਰ ਚੁਣੌਤੀ ਸਿਰਫ ਡਾਕਟਰਾਂ ਅਤੇ ਨਰਸਾਂ ਦੀ ਘਾਟ ਤੱਕ ਸੀਮਤ ਨਹੀਂ ਹੈ। ਮਾਨਸਿਕ ਸਿਹਤ, ਪੋਸ਼ਣ, ਮੁੜ-ਵਸੇਬਾ, ਦ੍ਰਿਸ਼ਟੀ ਸੰਭਾਲ ਅਤੇ ਮੈਡੀਕਲ ਤਕਨੀਕੀ ਸੇਵਾਵਾਂ ਦੇ ਮਾਹਰ ਵੀ ਲੋੜੀਂਦੀ ਗਿਣਤੀ ਵਿਚ ਉਪਲੱਬਧ ਨਹੀਂ ਹਨ। ਖੁਰਾਕ ਅਤੇ ਪੋਸ਼ਣ ਮਾਹਰਾਂ ਅਤੇ ਮਨੋਵਿਗਿਆਨੀਆਂ ਦੀ ਗਿਣਤੀ ਪ੍ਰਤੀ 10,000 ਆਬਾਦੀ ’ਤੇ ਸਿਰਫ 0.3 ਹੈ। ਸਿਹਤ ਕਰਮਚਾਰੀਆਂ ਦੀ ਉਪਲੱਬਧਤਾ ਦੇ ਮਾਮਲੇ ਵਿਚ ਭਾਰਤ ਚੀਨ ਅਤੇ ਅਮਰੀਕਾ ਤੋਂ ਕਾਫ਼ੀ ਪਿੱਛੇ ਹੈ। ਚੀਨ ਵਿਚ ਪ੍ਰਤੀ 10,000 ਆਬਾਦੀ ’ਤੇ ਲੱਗਭਗ 129 ਸਿਹਤ ਕਰਮਚਾਰੀ ਹਨ। ਉੱਥੇ ਡਾਕਟਰਾਂ ਦੀ ਗਿਣਤੀ 31 ਤੋਂ ਵੱਧ ਅਤੇ ਨਰਸਾਂ ਦੀ ਗਿਣਤੀ ਲੱਗਭਗ 51 ਪ੍ਰਤੀ 10,000 ਆਬਾਦੀ ਹੈ। ਅਮਰੀਕਾ ਵਿਚ ਸਿਹਤ ਕਰਮਚਾਰੀਆਂ ਦੀ ਉਪਲੱਬਧਤਾ ਇਸ ਤੋਂ ਵੀ ਕਿਤੇ ਵੱਧ ਹੈ। ਉੱਥੇ ਪ੍ਰਤੀ 10,000 ਲੋਕਾਂ ’ਤੇ ਲੱਗਭਗ 678 ਸਿਹਤ ਕਰਮਚਾਰੀ ਹਨ। ਇਨ੍ਹਾਂ ਵਿਚ ਲੱਗਭਗ 30 ਡਾਕਟਰ ਅਤੇ 161 ਨਰਸਿੰਗ ਸਟਾਫ਼ ਸ਼ਾਮਲ ਹਨ। ਰਿਪੋਰਟ ਮੁਤਾਬਕ ਮੱਧਮ ਪੱਧਰ ਦੀ ਯੂਨੀਵਰਸਲ ਹੈਲਥ ਕਵਰੇਜ ਲਈ ਪ੍ਰਤੀ 10,000 ਆਬਾਦੀ ’ਤੇ ਘੱਟੋ-ਘੱਟ 23.8 ਡਾਕਟਰ, 64.5 ਨਰਸਾਂ ਅਤੇ ਦਾਈਆਂ, 5.2 ਦੰਦਾਂ ਦੇ ਡਾਕਟਰ ਅਤੇ 5.6 ਫਾਰਮਾਸਿਸਟਾਂ ਦੀ ਲੋੜ ਹੈ। ਇਸ ਮਾਪਦੰਡ ਦੇ ਮੁਕਾਬਲੇ ਭਾਰਤ ਵਿਚ ਕਈ ਸ਼੍ਰੇਣੀਆਂ ਵਿਚ ਸਿਹਤ ਕਰਮਚਾਰੀਆਂ ਦੀ ਉਪਲੱਬਧਤਾ ਕਾਫ਼ੀ ਘੱਟ ਹੈ। ਭਾਰਤ ਦੀ ਸਿਹਤ ਪ੍ਰਣਾਲੀ ਵਿਚ ਔਰਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਦੇਸ਼ ਦੇ ਕੁੱਲ ਸਿਹਤ ਕਰਮਚਾਰੀਆਂ ’ਚ ਲੱਗਭਗ 62 ਫੀਸਦੀ ਔਰਤਾਂ ਹਨ। ਹਾਲਾਂਕਿ ਵੱਖ-ਵੱਖ ਕਿੱਤਿਆਂ ਵਿਚ ਔਰਤਾਂ ਦੀ ਹਿੱਸੇਦਾਰੀ ਵਿਚ ਵੱਡਾ ਫ਼ਰਕ ਦਿਖਾਈ ਦਿੰਦਾ ਹੈ। ਡਾਕਟਰਾਂ ਵਿਚ ਔਰਤਾਂ ਦੀ ਹਿੱਸੇਦਾਰੀ 35.3 ਫੀਸਦੀ ਹੈ, ਜਦਦਿ ਨਰਸਿੰਗ ਸਟਾਫ਼ ਵਿਚ ਇਹ ਅੰਕੜਾ ਲੱਗਭਗ 90 ਫੀਸਦੀ ਹੈ। ਦਾਈਆਂ ਅਤੇ ਜਣੇਪਾ ਸਹਾਇਕਾਂ ਵਿਚ ਔਰਤਾਂ ਦੀ ਹਿੱਸੇਦਾਰੀ 89 ਫੀਸਦੀ ਹੈ। ਉੱਥੇ ਹੀ ਦੰਦਾਂ ਦੇ ਡਾਕਟਰਾਂ ਵਿਚ ਔਰਤਾਂ ਦੀ ਹਿੱਸੇਦਾਰੀ 31 ਫੀਸਦੀ ਅਤੇ ਫਾਰਮਾਸਿਸਟਾਂ ਵਿਚ ਸਿਰਫ 5.2 ਫੀਸਦੀ ਹੈ। ਸਿਹਤ ਕਰਮਚਾਰੀਆਂ ਦੀ ਘਾਟ ਸਿਰਫ ਭਾਰਤ ਦੀ ਸਮੱਸਿਆ ਨਹੀਂ ਹੈ। ਰਿਪੋਰਟ ਅਨੁਸਾਰ 1990 ਤੋਂ 2023 ਦੇ ਵਿਚਾਲੇ ਦੁਨੀਆ ਦੀ ਸਿਹਤ ਵਰਕਫੋਰਸ ਤਿੰਨ ਗੁਣਾ ਵਧ ਕੇ 4.09 ਕਰੋੜ ਤੋਂ 12.21 ਕਰੋੜ ਹੋ ਗਈ। ਇਸ ਦੇ ਬਾਵਜੂਦ ਸਾਰੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਦੁਨੀਆ ਨੂੰ ਲੱਗਭਗ 3.44 ਕਰੋੜ ਵਾਧੂ ਸਿਹਤ ਕਰਮਚਾਰੀਆਂ ਦੀ ਲੋੜ ਹੈ। ਸਭ ਤੋਂ ਵੱਡੀ ਘਾਟ ਨਰਸਾਂ ਅਤੇ ਦਾਈਆਂ ਦੀ ਹੈ। ਗਲੋਬਲ ਪੱਧਰ ’ਤੇ ਲੱਗਭਗ 2.39 ਕਰੋੜ ਵਾਧੂ ਨਰਸਾਂ ਅਤੇ ਦਾਈਆਂ ਦੀ ਲੋੜ ਦੱਸੀ ਗਈ ਹੈ। ਅਜਿਹੇ ਵਿਚ ਸਿਹਤ ਸੇਵਾਵਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਿਰਫ ਹਸਪਤਾਲਾਂ ਦੀ ਗਿਣਤੀ ਵਧਾਉਣਾ ਹੀ ਨਹੀਂ, ਸਗੋਂ ਸਿਖਲਾਈ ਪ੍ਰਾਪਤ ਡਾਕਟਰਾਂ, ਨਰਸਾਂ ਅਤੇ ਮਾਹਰ ਸਿਹਤ ਕਰਮਚਾਰੀਆਂ ਦੀ ਗਿਣਤੀ ਵਧਾਉਣਾ ਵੀ ਵੱਡੀ ਚੁਣੌਤੀ ਹੈ।

