Car falls into deep gorge after losing control! 6 people die, J&K CM and Lieutenant Governor express grief
ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗੀ ਕਾਰ ! 6 ਲੋਕਾਂ ਦੀ ਹੋਈ ਮੌਤ, J&K ਦੇ CM ਤੇ ਉਪਰਾਜਪਾਲ ਨੇ ਜਤਾਇਆ ਦੁੱਖ
ਜੰਮੂ (ਆਵਾਜ਼ਿ ਕੌਮ ਬਿਊਰੋ)ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਬੁੱਧਵਾਰ ਨੂੰ ਇਕ ਕਾਰ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਦੁਖਦਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੁਰਨਕੋਟ ਦੇ ਸ਼ੈਲਧਰ ਖੇਤਰ ‘ਚ ਵਾਪਰਿਆ। ਜ਼ਖਮੀਆਂ ‘ਚੋਂ ਇਕ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਪੁੰਛ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ,”ਅੱਜ ਸ਼ਾਮ ਇਕ ਦੁਖਦਾਈ ਹਾਦਸਾ ਹੋਇਆ, ਜਿਸ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।” ਉਨ੍ਹਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸ਼ਾਮ 5:30 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਇਕ ਕਾਰ (ਮਾਰੂਤੀ ਈਕੋ) ਸੇਰੀ ਚੌਹਾਨਾ ਪਿੰਡ ਵੱਲ ਜਾ ਰਹੀ ਸੀ। ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਸੜਕ ਕਿਨਾਰੇ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਸ਼ਫੀਕ (32), ਨਜਾਕਤ ਹੁਸੈਨ (34), ਸ਼ਿਰਾਜ਼ ਅਹਿਮਦ (30), ਮੁਹੰਮਦ ਫਰੀਦ (21), ਮੁਸਰਤ ਨਾਜ਼ (19) ਅਤੇ ਜ਼ੁਲਫਤ ਬੀ (25) ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ, ਹਾਦਸੇ ‘ਚ ਪੰਜ ਸਾਲਾ ਇਰਸ਼ਾਨ ਅਹਿਮਦ, ਮੁਹੰਮਦ ਅਮੀਨ (30) ਅਤੇ ਤਾਹਿਰ ਅਹਿਮਦ (25) ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਪੁੰਛ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਗੰਭੀਰ ਜ਼ਖਮੀ ਬੱਚੇ ਨੂੰ ਅਗਲੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਭੇਜਿਆ ਗਿਆ। ਪੁੰਛ ਦੇ ਮੁੱਖ ਮੈਡੀਕਲ ਅਫਸਰ (ਸੀਐੱਮਓ) ਡਾ. ਪਰਵੇਜ਼ ਖਾਨ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ (ਪੀਸੀਆਰ) ਰਾਹੀਂ ਹਾਦਸੇ ਦੀ ਜਾਣਕਾਰੀ ਮਿਲਣ ‘ਤੇ 108 ਐਂਬੂਲੈਂਸ ਸੇਵਾ, ਵਾਧੂ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸਰੋਤਾਂ ਨੂੰ ਤੁਰੰਤ ਘਟਨਾ ਸਥਾਨ ‘ਤੇ ਭੇਜਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਚਾਰ ਪੁਰਸ਼ਾਂ ਅਤੇ 2 ਔਰਤਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਲੈਫਟੀਨੈਂਟ ਗਵਰਨਰ (ਐੱਲਜੀ) ਸਿਨਹਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਪੂੰਛ ‘ਚ ਹੋਏ ਦਰਦਨਾਕ ਸੜਕ ਹਾਦਸੇ ‘ਚ ਲੋਕਾਂ ਦੀ ਮੌਤ ਤੋਂ ਬੇਹੱਦ ਦੁੱਖੀ ਹਾਂ। ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।” ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ‘ਐਕਸ’ ‘ਤੇ ਇਕ ਪੋਸਟ ‘ਚ ਦੱਸਿਆ ਕਿ ਉਮਰ ਅਬਦੁੱਲਾ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਸਭ ਤੋਂ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੋਸਟ ‘ਚ ਕਿਹਾ ਗਿਆ ਹੈ ਕਿ ਸੀਐੱਮਓ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ‘ਚ ਹੈ।

