AC Restaurant-Hotels play dirty, 53% customers saw cockroaches, rats and flies!
AC ਰੈਸਟੋਰੈਂਟ-ਹੋਟਲਾਂ ਵਿਚ ਗੰਦਗੀ ਦੀ ਖੇਡ, 53% ਗਾਹਕਾਂ ਨੇ ਦੇਖੇ ਕਾਕਰੋਚ, ਚੂਹੇ ਅਤੇ ਮੱਖੀਆਂ!
Delhi, (ਆਵਾਜ਼ਿ ਕੌਮ ਬਿਊਰੋ)-ਰਾਜਧਾਨੀ ਦਿੱਲੀ ਦੇ ਏਅਰਕੰਡੀਸ਼ਨਡ ਰੈਸਟੋਰੈਂਟਾਂ (ਏ. ਸੀ.) ਅਤੇ ਮਹਿੰਗੇ ਹੋਟਲਾਂ ਦੀ ਚਮਕ-ਧਮਕ ਦੇ ਪਿੱਛੇ ਕਿਚਨ ਅਤੇ ਬੈਕ-ਏਰੀਆ ਦੀ ਸਫਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਲ ਸਰਕਲਜ਼ ਦੇ ਸਰਵੇਖਣ ਵਿਚ 53 ਫੀਸਦੀ ਗਾਹਕਾਂ ਨੇ ਪਿਛਲੇ 12 ਮਹੀਨਿਆਂ ਵਿਚ ਏ. ਸੀ. ਰੈਸਟੋਰੈਂਟਾਂ ਵਿਚ ਕਾਕਰੋਚ, ਚੂਹੇ, ਮੱਖੀਆਂ ਜਾਂ ਹੋਰ ਕੀੜੇ-ਮਕੌੜੇ ਦੇਖਣ ਦਾ ਦਾਅਵਾ ਕੀਤਾ ਹੈ। ਦਿੱਲੀ ਦੇ ਸਾਰੇ 11 ਜ਼ਿਲਿਆਂ ਵਿਚ ਹੋਏ ਸਰਵੇਖਣ ਵਿਚ 6,000 ਤੋਂ ਵੱਧ ਲੋਕਾਂ ਦੀ ਰਾਇ ਲਈ ਗਈ। ਇਨ੍ਹਾਂ ਵਿਚ 63 ਫੀਸਦੀ ਮਰਦ ਅਤੇ 37 ਫੀਸਦੀ ਔਰਤਾਂ ਸਨ। 49 ਫੀਸਦੀ ਲੋਕਾਂ ਨੇ ਡਾਇਨਿੰਗ ਏਰੀਆ, ਰਸੋਈ ਜਾਂ ਵਾਸ਼ਰੂਮ ਵਿਚ ਗੰਦਗੀ ਦੇਖਣ ਦੀ ਗੱਲ ਕਹੀ, ਜਦੋਂ ਕਿ 48 ਫੀਸਦੀ ਨੇ ਗੈਰ-ਫੂਡ-ਗ੍ਰੇਡ ਪਲਾਸਟਿਕ ਵਿਚ ਖਾਣਾ ਗਰਮ ਕਰਨ ਜਾਂ ਪਰੋਸੇ ਜਾਣ ਦੀ ਸ਼ਿਕਾਇਤ ਕੀਤੀ। 41 ਫੀਸਦੀ ਲੋਕਾਂ ਨੇ ਕਰਮਚਾਰੀਆਂ ਵਲੋਂ ਗੰਦੇ ਹੱਥਾਂ ਨਾਲ ਖਾਣਾ ਪਰੋਸਣ ਦੀ ਗੱਲ ਕਹੀ। 39 ਫੀਸਦੀ ਨੇ ਬੇਹਾ (ਬਾਸੀ) ਜਾਂ ਵਾਰ-ਵਾਰ ਗਰਮ ਕੀਤਾ ਖਾਣਾ ਮਿਲਣ ਦੀ ਸ਼ਿਕਾਇਤ ਕੀਤੀ। 38 ਫੀਸਦੀ ਨੇ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਨੂੰ ਵੱਖਰਾ ਨਾ ਰੱਖਣ ਅਤੇ 33 ਫੀਸਦੀ ਨੇ ਇਕ ਹੀ ਕੁਕਿੰਗ ਆਇਲ (ਤੇਲ) ਨੂੰ ਵਾਰ-ਵਾਰ ਵਰਤੇ ਜਾਣ ਦੀ ਗੱਲ ਕਹੀ। ਸਰਵੇਖਣ ਵਿਚ 89 ਫੀਸਦੀ ਲੋਕਾਂ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ’ਤੇ ਬਹੁਤ ਘੱਟ ਜਾਂ ਬਿਲਕੁਲ ਵੀ ਭਰੋਸਾ ਨਹੀਂ ਪ੍ਰਗਟਾਇਆ। ਇਸ ਦੇ ਉਲਟ ਸਿਰਫ 8 ਫੀਸਦੀ ਖਪਤਕਾਰਾਂ ਨੇ ਵਿਭਾਗ ਦੇ ਕੰਮਕਾਜ ’ਤੇ ਉੱਚ ਪੱਧਰ ਦਾ ਭਰੋਸਾ ਪ੍ਰਗਟਾਇਆ। ਏਅਰੋਸਿਟੀ ਦੇ ਪੰਜਤਾਰਾ ਹੋਟਲ ਵਿਚ ਐੱਫ. ਐੱਸ. ਐੱਸ. ਏ. ਆਈ. ਦੀ 2 ਦਿਨਾਂ ਜਾਂਚ ਵਿਚ ਭੋਜਨ ਸੁਰੱਖਿਆ ਅਤੇ ਸਫਾਈ ਨਾਲ ਜੁੜੀਆਂ 59 ਕਮੀਆਂ ਸਾਹਮਣੇ ਆਈਆਂ।
ਜਾਂਚ ਵਿਚ ਕੀ-ਕੀ ਮਿਲਿਆ :
-ਫੂਡ ਪ੍ਰੈਪਰੇਸ਼ਨ ਅਤੇ ਬੇਕਰੀ ਏਰੀਆ ਵਿਚ ਜਿਊਂਦੇ ਕਾਕਰੋਚ ਅਤੇ ਫਰੂਟ ਫਲਾਈਜ਼ ਪਾਏ ਗਏ।
-ਰਸੋਈ ਵਿਚ ਉੱਲੀ ਲੱਗੇ ਸੇਬ ਅਤੇ ਗਲੇ-ਸੜੇ ਟਮਾਟਰ ਮਿਲੇ। ਕੱਟੀਆਂ ਸਬਜ਼ੀਆਂ ਵੀ ਖੁੱਲ੍ਹੇ ਬਰਤਨਾਂ ਵਿਚ ਰੱਖੀਆਂ ਹੋਈਆਂ ਸਨ।
-ਖਾਣਾ ਬਣਾਉਣ ਦੇ ਬਰਤਨ, ਤਵੇ ਅਤੇ ਕਟਿੰਗ ਬੋਰਡ ਅਸਫਾਈ ਵਾਲੇ ਪਾਏ ਗਏ।
-ਜਾਂਚ ਦੌਰਾਨ ਪੀਣ ਵਾਲੇ ਪਾਣੀ ਵਿਚ ਤੈਰਦੇ ਧੂੜ ਦੇ ਕਣ ਪਾਏ ਗਏ।
-ਵੈੱਜ-ਨਾਨਵੈੱਜ ਖਾਧ ਪਦਾਰਥਾਂ ਨੂੰ ਵੱਖਰਾ ਰੱਖਣ ਦੇ ਨਿਯਮਾਂ ਦੀ ਪਾਲਣਾ ਨਹੀਂ ਮਿਲੀ, ਜਿਸ ਨਾਲ ਕਰਾਸ-ਕੰਟਾਮੀਨੇਸ਼ਨ ਦਾ ਖਤਰਾ ਸਾਹਮਣੇ ਆਇਆ।
-ਪਨੀਰ, ਖੋਆ, ਚਨਾ ਮਸਾਲਾ ਅਤੇ ਮਿਰਚ ਵਰਗੀ ਸਮੱਗਰੀ ਦੇ ਲਾਇਸੈਂਸ/ਮਨਜ਼ੂਰੀ ਨਾਲ ਜੁੜੀਆਂ ਕਮੀਆਂ ਮਿਲੀਆਂ।
-ਜੇ. ਡਬਲਯੂ. ਮੈਰੀਅਟ ਨਾਮ ਤੋਂ ਰੀਟੇਲਿੰਗ ਅਤੇ ਰੀ-ਲੇਬਲਿੰਗ ਨੂੰ ਲੈ ਕੇ ਵੀ ਇਤਰਾਜ਼ ਦਰਜ ਕੀਤੇ ਗਏ।
-ਕਾਕਰੋਚ, ਚੂਹੇ, ਮੱਖੀਆਂ : 53 ਫੀਸਦੀ
-ਡਾਇਨਿੰਗ ਏਰੀਆ/ਰਸੋਈ/ਵਾਸ਼ਰੂਮ ਵਿਚ ਗੰਦਗੀ : 49 ਫੀਸਦੀ
-ਗੈਰ-ਫੂਡ-ਗ੍ਰੇਡ ਪਲਾਸਟਿਕ ਦੀ ਵਰਤੋਂ : 48 ਫੀਸਦੀ
-ਗੰਦੇ ਹੱਥਾਂ ਨਾਲ ਖਾਣਾ ਪਰੋਸਣਾ : 41 ਫੀਸਦੀ
-ਬਾਸੀ/ਵਾਰ-ਵਾਰ ਗਰਮ ਕੀਤਾ ਖਾਣਾ : 39 ਫੀਸਦੀ
ਵੈੱਜ-ਨਾਨਵੈੱਜ ਵੱਖਰਾ ਨਾ ਰੱਖਣਾ : 38 ਫੀਸਦੀ
ਇਕੋ ਹੀ ਤੇਲ ਦੀ ਵਾਰ-ਵਾਰ ਵਰਤੋਂ : 33 ਫੀਸਦੀ

