Punjab: Thousands of Amul milk packets thrown in open field! There was a commotion in the entire village
ਪੰਜਾਬ : ਖੁੱਲ੍ਹੇ ਮੈਦਾਨ ‘ਚ ਸੁੱਟੇ ਅਮੂਲ ਦੁੱਧ ਦੇ ਹਜ਼ਾਰਾਂ ਪੈਕਟ! ਪੂਰੇ ਪਿੰਡ ‘ਚ ਮਚਿਆ ਹੜਕੰਪ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਜ਼ੀਰਕਪੁਰ ਦੇ ਨਗਲਾ ਖੇਤਰ ’ਚ ਸੁਸ਼ਮਾ ਸੁਸਾਇਟੀ ਨੇੜੇ ਖੁੱਲ੍ਹੇ ਮੈਦਾਨ ’ਚ ਮਿਆਦ ਪੁੱਗੇ ਅਮੂਲ ਦੁੱਧ ਦੇ ਹਜ਼ਾਰਾਂ ਪੈਕਟ ਸੁੱਟੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਦੁੱਧ ਨਾਲ ਭਰੇ ਪੈਕਟਾਂ ਤੋਂ ਇਲਾਵਾ ਸੈਂਕੜੇ ਖ਼ਾਲੀ ਪੈਕਟ ਵੀ ਪਏ ਮਿਲੇ। ਪੈਕਟਾਂ ’ਤੇ ਦਰਜ ਜਾਣਕਾਰੀ ਮੁਤਾਬਕ ਦੁੱਧ ਦੀ ਮਿਆਦ 8 ਜੂਨ ਨੂੰ ਹੀ ਖ਼ਤਮ ਹੋ ਚੁੱਕੀ ਸੀ। ਹੁਣ ਇਨ੍ਹਾਂ ’ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਪਿੰਡ ਨਗਲਾ ਵਾਸੀ ਨਿੱਕਾ ਸਿੰਘ, ਮਨਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੱਕ ਇੱਥੇ ਦੁੱਧ ਦੇ ਪੈਕਟ ਨਹੀਂ ਸਨ ਪਰ ਸ਼ੁੱਕਰਵਾਰ ਸਵੇਰੇ ਮੈਦਾਨ ’ਚ ਹਜ਼ਾਰਾਂ ਪੈਕਟ ਖਿੱਲਰੇ ਪਏ ਮਿਲੇ। ਲੋਕਾਂ ਨੇ ਸਵਾਲ ਉਠਾਇਆ ਕਿ ਸੈਂਕੜੇ ਖ਼ਾਲੀ ਪੈਕਟਾਂ ’ਚ ਮੌਜੂਦ ਦੁੱਧ ਆਖ਼ਰ ਕਿੱਥੇ ਗਿਆ। ਪਿੰਡ ਵਾਸੀਆਂ ਨੇ ਸ਼ੱਕ ਪ੍ਰਗਟ ਕੀਤਾ ਕਿ ਕਿਤੇ ਮਿਆਦ ਪੁੱਗੇ ਦੁੱਧ ਦੀ ਵਰਤੋਂ ਪਨੀਰ ਜਾਂ ਹੋਰ ਦੁੱਧ ਉਤਪਾਦ ਬਣਾਉਣ ਲਈ ਤਾਂ ਨਹੀਂ ਕੀਤੀ ਗਈ। ਹਾਲਾਂਕਿ ਇਸ ਸਬੰਧੀ ਫਿਲਹਾਲ ਕੋਈ ਪੁਸ਼ਟੀ ਜਾਂ ਠੋਸ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਲੋਕਾਂ ਦੀ ਸਿਹਤ ਨਾਲ ਗੰਭੀਰ ਖਿਲਵਾੜ ਹੋ ਸਕਦਾ ਹੈ। ਖੁੱਲ੍ਹੇ ’ਚ ਪਏ ਦੁੱਧ ਕਾਰਨ ਬਦਬੂ ਦੇ ਨਾਲ ਮੱਖੀਆਂ, ਕੀੜੇ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਵਧਣ ਦਾ ਖ਼ਦਸ਼ਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੈਕਟ ਤੁਰੰਤ ਚੁਕਵਾਏ ਜਾਣ ਅਤੇ ਇਹ ਜਾਂਚ ਕੀਤੀ ਜਾਵੇ ਕਿ ਇੰਨੀ ਵੱਡੀ ਖ਼ੇਪ ਇੱਥੇ ਕਿਸ ਨੇ ਸੁੱਟੀ ਅਤੇ ਖਾਲੀ ਪੈਕਟਾਂ ਦਾ ਦੁੱਧ ਕਿੱਥੇ ਗਿਆ।

