Disaster in Himachal: 102 roads closed, continuous rain expected till September 9
ਹਿਮਾਚਲ ‘ਚ ਆਫ਼ਤ : 102 ਸੜਕਾਂ ਬੰਦ, 9 ਸਤੰਬਰ ਤੱਕ ਲਗਾਤਾਰ ਬਾਰਿਸ਼ ਦਾ ਅਨੁਮਾਨ
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਪ੍ਰਦੇਸ਼ ‘ਚ ਮੀਂਹ ਕਾਰਨ ਕੁੱਲ 102 ਸੜਕਾਂ ਬੰਦ ਹੋ ਗਈਆਂ ਹਨ। ਇਸ ਦੌਰਾਨ ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਨੂੰ ਰਾਜ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੰਦੇ ਹੋਏ ਸ਼ੁੱਕਰਵਾਰ ਨੂੰ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੇ ਕੁਝ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਜਾਰੀ ਰਹੀ। ਸਿਰਮੌਰ ਜ਼ਿਲ੍ਹੇ ਦੇ ਨਾਹਨ ‘ਚ ਵੀਰਵਾਰ ਸ਼ਾਮ ਤੋਂ ਹੁਣ ਤੱਕ 67.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਜੋਗਿੰਦਰਨਗਰ ‘ਚ 57 ਮਿਲੀਮੀਟਰ, ਨਾਦੌਨ ‘ਚ 52.6 ਮਿਲੀਮੀਟਰ ਅਤੇ ਜਟੋਨ ਬੈਰਾਜ ਅਤੇ ਭਰਵਾਈ ‘ਚ 40-40 ਮਿਲੀਮੀਟਰ ਮੀਂਹ ਪਿਆ। ਕਾਂਗੜਾ ਅਤੇ ਸੁੰਦਰਨਗਰ ‘ਚ ਗਰਜ-ਤੂਫ਼ਾਨ ਅਤੇ ਬਿਜਲੀ ਦੇ ਨਾਲ ਬੂੰਦ-ਬੂੰਦ ਹੋਈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ‘ਚ 9 ਸਤੰਬਰ ਤੱਕ ਮੀਂਹ ਜਾਰੀ ਰਹੇਗਾ। ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ, ਬੰਦ ਕੀਤੀਆਂ ਗਈਆਂ 102 ਸੜਕਾਂ ‘ਚੋਂ, ਮੰਡੀ ਜ਼ਿਲ੍ਹੇ ‘ਚ ਸਭ ਤੋਂ ਵੱਧ ਸੜਕਾਂ (46) ਬੰਦ ਹਨ। ਇਸ ਤੋਂ ਬਾਅਦ ਕੁੱਲੂ (22), ਸਿਰਮੌਰ (11), ਕਾਂਗੜਾ (ਅੱਠ), ਊਨਾ (ਚਾਰ), ਚੰਬਾ, ਸ਼ਿਮਲਾ ਅਤੇ ਸੋਲਨ (ਤਿੰਨ-ਤਿੰਨ) ਅਤੇ ਲਾਹੌਲ-ਸਪੀਤੀ ਅਤੇ ਬਿਲਾਸਪੁਰ (ਇਕ-ਇੱਕ) ਦਾ ਸਥਾਨ ਹੈ। ਇਸ ਤੋਂ ਇਲਾਵਾ ਬਾਰਿਸ਼ ਤੋਂ 125 ਪਾਵਰ ਟ੍ਰਾਂਸਫਾਰਮਰ ਅਤੇ 21 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਵੀ ਮੀਂਹ ਨਾਲ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਅਨੁਸਾਰ, 30 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਰਾਜ ‘ਚ ਮੀਂਹ ਨਾਲ ਸਬੰਧਤ ਘਟਨਾਵਾਂ ‘ਚ ਘੱਟੋ-ਘੱਟ 108 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਰਾਜ ਨੂੰ ਹੁਣ ਤੱਕ 1,235 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

