Ban on bringing phones has reduced the number of devotees in temples! The number has dropped by 20% in TN
ਫ਼ੋਨ ਲਿਆਉਣ ‘ਤੇ ਲੱਗਾ ਬੈਨ ਤਾਂ ਮੰਦਰਾਂ ‘ਚ ਘਟ ਗਈ ਸ਼ਰਧਾਲੂਆਂ ਦੀ ਆਮਦ ! TN ‘ਚ 20% ਤੱਕ ਡਿੱਗੀ ਗਿਣਤੀ
Tamilnadu, (ਆਵਾਜ਼ਿ ਕੌਮ ਬਿਊਰੋ)-ਤਾਮਿਲਨਾਡੂ ਵਿਚ ਮੁੱਖ ਮੰਤਰੀ ਸੀ. ਜੋਸਫ਼ ਵਿਜੈ ਦੀ ਅਗਵਾਈ ਵਾਲੀ ਸਰਕਾਰ ਨੇ 1 ਸਤੰਬਰ 2026 ਤੋਂ ਸੂਬੇ ਦੇ 52 ਪ੍ਰਮੁੱਖ ਮੰਦਰਾਂ ਦੇ ਅੰਦਰ ਸਮਾਰਟਫ਼ੋਨ ਲੈ ਕੇ ਜਾਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ (HR&CE) ਵਿਭਾਗ ਵੱਲੋਂ ਜਾਰੀ ਇਸ ਫ਼ੈਸਲੇ ਦਾ ਮੁੱਖ ਮਕਸਦ ਮੰਦਰਾਂ ਦੀ ਪਵਿੱਤਰਤਾ, ਮਰਿਆਦਾ ਅਤੇ ਸ਼ਾਂਤਮਈ ਮਾਹੌਲ ਨੂੰ ਬਣਾਈ ਰੱਖਣਾ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਮੰਦਰਾਂ ਵਿਚ ਆਉਣ ਵਾਲੇ ਨੌਜਵਾਨ ਪੀੜ੍ਹੀ ਦੇ ਸ਼ਰਧਾਲੂਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਈ ਹੈ, ਜੋ ਹੈਰਾਨ ਕਰ ਦੇਣ ਵਾਲੀ ਗੱਲ ਹੈ। ਤਾਮਿਲਨਾਡੂ ਦੇ ਕਾਂਚੀਪੁਰਮ ਸਥਿਤ ਦੇਵਰਾਜਸਵਾਮੀ ਅਥਿ ਵਰਦਰਾਜ ਮੰਦਰ ਸਣੇ ਕਈ ਹੋਰ ਮੰਦਰਾਂ ਵਿੱਚ ਮੋਬਾਈਲ ਫੋਨ ’ਤੇ ਪਾਬੰਦੀ ਲੱਗਣ ਤੋਂ ਬਾਅਦ ਮਾਹੌਲ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਇਥੇ ਪਹਿਲਾਂ ਜਿੱਥੇ ਧਵਜਸਤੰਭ ਨੇੜੇ ਨੌਜਵਾਨਾਂ ਨੂੰ ਸੈਲਫੀਆਂ ਲੈਂਦੇ ਦੇਖਿਆ ਜਾਂਦਾ ਸੀ, ਹੁਣ ਉੱਥੇ ਜ਼ਿਆਦਾਤਰ ਬਜ਼ੁਰਗ ਸ਼ਰਧਾਲੂ ਹੀ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਨਾਲ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਹੁਣ ਤੱਕ ਕਰੀਬ 20 ਫੀਸਦੀ ਤੱਕ ਦੀ ਕਮੀ ਆਈ ਹੈ। ਇਸ ਸਬੰਧ ਵਿਚ ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਪਹਿਲਾਂ ਕਈ ਨੌਜਵਾਨ ਦਰਸ਼ਨਾਂ ਦੇ ਨਾਲ ਮੰਦਰ ਦੀਆਂ ਤਸਵੀਰਾਂ, ਵੀਡੀਓ ਅਤੇ ਸੋਸ਼ਲ ਮੀਡੀਆ ਲਈ ਕੰਟੈਂਟ ਬਣਾਉਣ ਆਉਂਦੇ ਸਨ। ਫੋਨ ਬੈਨ ਹੋਣ ‘ਤੇ ਨੌਜਵਾਨਾਂ ਦੀ ਗਿਣਤੀ ਘੱਟ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਤਾਮਿਲਨਾਡੂ ਦੇ 52 ਮੰਦਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਕੈਮਰੇ ਵਾਲੇ ਸਮਾਰਟਫ਼ੋਨ ਲਿਜਾਣ ‘ਤੇ ਰੋਕ ਲਗਾ ਦਿੱਤੀ ਹੈ, ਜਦਕਿ ਬਿਨਾਂ ਕੈਮਰੇ ਵਾਲੇ ਕੀਪੈਡ (ਸਾਧਾਰਨ) ਮੋਬਾਈਲ ਫ਼ੋਨਾਂ ਨੂੰ ਅੰਦਰ ਲੈ ਕੇ ਜਾਣ ਦੀ ਛੋਟ ਦਿੱਤੀ ਹੈ। ਇਸ ਦੌਰਾਨ ਮੰਦਰਾਂ ਵਿਚ ਫ਼ੋਨ ਜਮ੍ਹਾ ਕਰਵਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਦੇ ਪ੍ਰਵੇਸ਼ ਦੁਆਰਾਂ ‘ਤੇ ਸੁਰੱਖਿਆ ਕਾਊਂਟਰ ਬਣਾਏ ਗਏ ਹਨ। ਇੱਥੇ ₹5 ਪ੍ਰਤੀ ਫ਼ੋਨ ਦੀ ਫੀਸ ਦੇ ਕੇ ਫ਼ੋਨ ਸੁਰੱਖਿਅਤ ਜਮ੍ਹਾ ਕਰਵਾਇਆ ਜਾ ਸਕਦਾ ਹੈ ਅਤੇ ਦਰਸ਼ਨਾਂ ਤੋਂ ਬਾਅਦ ਰਸੀਦ ਦਿਖਾ ਕੇ ਵਾਪਸ ਲਿਆ ਜਾ ਸਕਦਾ ਹੈ।

