Terrorist killed in Budgam turns out to be Pakistani national
ਬਡਗਾਮ ’ਚ ਮਾਰਿਆ ਗਿਆ ਅੱਤਵਾਦੀ ਪਾਕਿਸਤਾਨੀ ਨਾਗਰਿਕ ਨਿਕਲਿਆ
ਸ਼੍ਰੀਨਗਰ, (ਆਵਾਜ਼ਿ ਕੌਮ ਬਿਊਰੋ)-ਕੇਂਦਰੀ ਕਸ਼ਮੀਰ ਦੇ ਬਡਗਾਮ ’ਚ ਮਾਰਿਆ ਗਿਆ ਅੱਤਵਾਦੀ ਪਾਕਿਸਤਾਨੀ ਨਾਗਰਿਕ ਨਿਕਲਿਆ ਹੈ। ਉਸ ਦੀ ਪਛਾਣ ਯਾਸੀਰ ਵਜੋਂ ਹੋਈ ਹੈ ਜੋ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਲਈ ਕੰਮ ਕਰਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਪੁੰਛ ’ਚ ਭਾਰਤੀ ਹਵਾਈ ਫੌਜ ਦੇ ਕਾਫਲੇ ’ਤੇ ਘਾਤ ਲਾ ਕੇ ਕੀਤੇ ਗਏ ਹਮਲੇ ਤੇ 2024 ’ਚ ਫੌਜ ਦੇ ਜਵਾਨਾਂ ’ਤੇ ਹੋਏ ਇਕ ਹੋਰ ਹਮਲੇ ’ਚ ਵੀ ਸ਼ਾਮਲ ਸੀ। ਵੱਡੀਆਂ ਚੱਟਾਨਾਂ ਅਤੇ ਕੁਦਰਤੀ ਗੁਫਾਵਾਂ ਦੇ ਪਿੱਛੇ ਲੁਕੇ ਦੂਜੇ ਅੱਤਵਾਦੀ ਦੀ ਭਾਲ ਲਈ ਸ਼ਨੀਵਾਰ ਰਾਤ ਤਕ ਮੁਹਿੰਮ ਜਾਰੀ ਸੀ। ਮੁਕਾਬਲੇ ਵਾਲੀ ਥਾਂ ਪੀਰ ਪੰਜਾਲ ਦੀਆਂ ਪਹਾੜੀਆਂ ’ਤੇ 12,000 ਤੋਂ 15,500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਲਗਾਤਾਰ ਮੀਂਹ ਪੈਣ ਤੇ ਸਿਰਫ਼ 5 ਮੀਟਰ ਤੱਕ ਦੀ ਵਿਜ਼ੀਬਿਲਟੀ ਹੋਣ ਕਾਰਨ ਕਾਰਵਾਈ ’ਚ ਮੁਸ਼ਕਲ ਆ ਰਹੀ ਹੈ। ਫੌਜ ਦੇ ਜਵਾਨ ਅੱਤਵਾਦੀ ਦੇ ਭੱਜਣ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਨ ਲਈ ਖੇਤਰ ’ਚ ਸਰਗਰਮ ਹਨ। ਫੌਜ ਤੇ ਜੰਮੂ-ਕਸ਼ਮੀਰ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਯਾਸੀਨ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ। ਅਧਿਕਾਰੀਆਂ ਅਨੁਸਾਰ ਯਾਸੀਨ ਦੀ ਮੌਜੂਦਗੀ ਦਾ ਪਹਿਲੀ ਵਾਰ 2024 ’ਚ ਪਤਾ ਲੱਗਿਆ ਸੀ। ਖੁਫੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਹ 2024 ’ਚ ਘੱਟੋ-ਘੱਟ 3 ਵੱਡੀਆਂ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਸੀ। ਇਨ੍ਹਾਂ ਘਟਨਾਵਾਂ ’ਚ ਪੁੰਛ ਜ਼ਿਲੇ ’ਚ ਭਾਰਤੀ ਹਵਾਈ ਫੌਜ ਦੇ ਕਾਫਲੇ ’ਤੇ ਹਮਲਾ, ਸੋਨਮਰਗ ਨੇੜੇ ਉਸਾਰੀ ਕਰਨ ਵਾਲੇ ਕਾਮਿਆਂ ’ਤੇ ਹਮਲਾ ਤੇ ਬੋਟਾ ਪਥਰੀ ’ਚ ਫੌਜ ’ਤੇ ਹਮਲਾ ਸ਼ਾਮਲ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫੌਜ ਦੇ ਜਿਸ ਕਾਫਲੇ ’ਤੇ ਹਮਲਾ ਕੀਤਾ ਸੀ, ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ ਤੇ 4 ਹੋਰ ਜ਼ਖਮੀ ਹੋ ਗਏ ਸਨ।

