2 youths enter famous restaurant in Jalandhar, threaten by claiming to be CIA staff members
ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ‘ਚ ਦਾਖ਼ਲ ਹੋਏ 2 ਨੌਜਵਾਨ, CIA ਸਟਾਫ਼ ਦੇ ਮੈਂਬਰ ਦੱਸ ਦਿੱਤੀ ਧਮਕੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਅਰਬਨ ਅਸਟੇਟ ਫੇਜ਼ 2 ‘ਚ ਦੋ ਵਿਅਕਤੀਆਂ ਵੱਲੋਂ ਇਕ ਰੈਸਟੋਰੈਂਟ ਮਾਲਕ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੈਸਟੋਰੈਂਟ ਮਾਲਕ ਨੂੰ ਕਰਮਚਾਰੀਆਂ ਨੇ ਬੰਦੂਕ ਦੀ ਨੋਕ ‘ਤੇ ਬੰਦੀ ਬਣਾ ਲਿਆ ਸੀ। ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਪੈਡ੍ਰੀਨੋ ਰੈਸਟੋਰੈਂਟ ਵਿਚ 2 ਨੌਜਵਾਨ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਦੱਸਦੇ ਹੋਏ ਦਾਖ਼ਲ ਹੋ ਗਏ ਅਤੇ ਦਾਦਾਗਿਰੀ ਵਿਖਾਉਣ ਲੱਗੇ। ਇਕ ਨੌਜਵਾਨ ਦੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ, ਜੋ ਗੁਰਵਿੰਦਰ ਨਾਂ ਦੇ ਨੌਜਵਾਨ ਨੂੰ ਲੱਭ ਰਹੇ ਸਨ। ਰੈਸਟੋਰੈਂਟ ਦੇ ਮਾਲਕ ਦਾ ਦੋਸ਼ ਹੈ ਕਿ ਉਕਤ ਦੋਵੇਂ ਨੌਜਵਾਨ ਕਾਫ਼ੀ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਸਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ, ਜਿਸ ਕਾਰਨ ਉਸ ਨੇ ਥਾਣਾ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਪੈਡ੍ਰੀਨੋ ਰੈਸਟੋਰੈਂਟ ਦੇ ਮਾਲਕ ਅਨੁਦੀਪ ਨੇ ਦੱਸਿਆ ਕਿ ਐਤਵਾਰ 7 ਵਜੇ 2 ਨੌਜਵਾਨ ਉਸ ਦੇ ਰੈਸਟੋਰੈਂਟ ਵਿਚ ਆਏ ਅਤੇ ਕਹਿਣ ਲੱਗੇ ਕਿ ਉਹ ਸੀ. ਆਈ. ਏ. ਸਟਾਫ਼ ਤੋਂ ਆਏ ਹਨ। ਉਨ੍ਹਾਂ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਕਿਸੇ ਗੁਰਵਿੰਦਰ ਨਾਂ ਦੇ ਨੌਜਵਾਨ ਬਾਰੇ ਪੁੱਛਿਆ ਪਰ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਹੀ ਰੈਸਟੋਰੈਂਟ ਟੇਕਓਵਰ ਕੀਤਾ ਹੈ। ਨੌਜਵਾਨਾਂ ਨੇ ਮਾਲਕ ਬਾਰੇ ਪੁੱਛਿਆ ਤਾਂ ਸਟਾਫ਼ ਨੇ ਉਨ੍ਹਾਂ ਦੋਵਾਂ ਨੂੰ ਅਨੁਦੀਪ ਨਾਲ ਮਿਲਵਾ ਦਿੱਤਾ। ਅਨੁਦੀਪ ਨੇ ਕਿਹਾ ਕਿ ਇਕ ਨੌਜਵਾਨ ਦੇ ਹੱਥ ਵਿਚ 45 ਬੋਰ ਦੀ ਪਿਸਤੌਲ ਸੀ, ਜੋ ਉਹ ਉਸ ਨੂੰ ਵਾਰ-ਵਾਰ ਵਿਖਾ ਰਹੇ ਸਨ ਅਤੇ ਉਕਤ ਨੌਜਵਾਨ ਕਾਫ਼ੀ ਗ਼ਲਤ ਭਾਸ਼ਾ ਦੀ ਵਰਤੋਂ ਕਰਕੇ ਉੱਥੋਂ ਚਲੇ ਗਏ। ਅਨੁਦੀਪ ਨੂੰ ਸ਼ੱਕ ਹੋਇਆ ਕਿ ਉਹ ਨੌਜਵਾਨ ਸੀ. ਆਈ. ਏ. ਸਟਾਫ਼ ਦੇ ਨਹੀਂ ਲੱਗ ਰਹੇ, ਜਿਸ ਤੋਂ ਬਾਅਦ ਉਸ ਨੇ ਥਾਣਾ ਨੰ. 7 ਦੀ ਪੁਲਸ ਨੂੰ ਸੂਚਨਾ ਦਿੱਤੀ। ਨੌਜਵਾਨਾਂ ਦੇ ਚਿਹਰੇ ਪਿਸਤੌਲ ਸਮੇਤ ਰੈਸਟੋਰੈਂਟ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਏ। ਇਸ ਸਬੰਧੀ ਲਿਖਤੀ ਵਿਚ ਥਾਣਾ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉੱਧਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਕਿਹਾ ਕਿ ਉਕਤ ਨੌਜਵਾਨ ਉਨ੍ਹਾਂ ਦੇ ਸਟਾਫ਼ ਵਿਚ ਨਹੀਂ ਹਨ। ਉੱਧਰ ਥਾਣਾ ਨੰ. 7 ਦੀ ਪੁਲਸ ਨੇ ਨੌਜਵਾਨਾਂ ਦੇ ਹੱਥ ਵਿਚ ਪਿਸਤੌਲ ਫੜੀ ਦੇਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

