Indian woman alleges police forcibly sending husband to Russian army
ਭਾਰਤੀ ਔਰਤ ਦਾ ਦੋਸ਼- ਪਤੀ ਨੂੰ ਜਬਰੀ ਰੂਸੀ ਫੌਜ ’ਚ ਭੇਜ ਰਹੀ ਪੁਲਸ
ਮਾਸਕੋ (ਆਵਾਜ਼ਿ ਕੌਮ ਬਿਊਰੋ)- ਇਕ ਭਾਰਤੀ ਔਰਤ ਨੇ ਦੋਸ਼ ਲਾਇਆ ਹੈ ਕਿ ਮਾਸਕੋ ’ਚ ਰੂਸੀ ਪੁਲਸ ਨੇ ਉਸ ਦੇ ਪਤੀ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਉਸ ’ਤੇ ਰੂਸੀ ਫੌਜ ’ਚ ਭਰਤੀ ਹੋਣ ਲਈ ਦਬਾਅ ਪਾ ਰਹੀ ਹੈ। ਇਸ ਤੋਂ ਬਾਅਦ ਭਾਰਤੀ ਦੂਤਘਰ ਨੇ ਰੂਸ ਨੂੰ ਉਸ ਨੂੰ ਕੌਂਸਲਰ ਪਹੁੰਚ ਦੇਣ ਦੀ ਬੇਨਤੀ ਕੀਤੀ ਹੈ। ਸਨੇਹਾ ਗੁਪਤਾ ਨੇ 6 ਸਤੰਬਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਇਕ ਵੀਡੀਓ ’ਚ ਇਹ ਦੋਸ਼ ਲਾਏ। ਸਨੇਹਾ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਆਪਣੇ ਆਪ ਨੂੰ ਇਕ ਵਕੀਲ ਦੱਸਦੀ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਚੰਦਨ ਗੁਪਤਾ ਕਾਨਪੁਰ ਤੋਂ ਇਕ ਇੰਜੀਨੀਅਰ ਹੈ। ਅਸੀਂ ਦੋਵੇਂ ਉਨ੍ਹਾਂ ਦੇ ‘ਹਾਈਲੀ ਕੁਆਲੀਫਾਈਡ ਸਪੈਸ਼ਲਿਸਟ’ ਵੀਜ਼ੇ ’ਤੇ ਮਾਸਕੋ ’ਚ ਰਹਿ ਰਹੇ ਹਾਂ। ਇਹ ਵੀਜ਼ਾ ਨੋਇਡਾ ਦੀ ਇਕ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਸੀ ਜਿੱਥੇ ਉਸ ਦਾ ਪਤੀ ਕੰਮ ਕਰਦਾ ਸੀ। ਉਸ ਨੇ ਦੋਸ਼ ਲਾਇਆ ਕਿ ਰੂਸੀ ਪੁਲਸ ਨੇ ਐਤਵਾਰ ਰਾਤ ਲੱਗਭਗ 12:30 ਵਜੇ ਉਸ ਦੇ ਪਤੀ ਨੂੰ ਉਸ ਦੀ ਕਿਸੇ ਗਲਤੀ ਤੋਂ ਬਿਨਾਂ ਹਿਰਾਸਤ ’ਚ ਲੈ ਲਿਆ। ਹਿਰਾਸਤ ਦੌਰਾਨ ਉਸ ਦੇ ਪਤੀ ’ਤੇ ਰੂਸੀ ਫੌਜ ’ਚ ਭਰਤੀ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ। ਰੂਸੀ ਫੌਜ ’ਚ ਫੌਜੀਆਂ ਦੀ ਘਾਟ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

