Punjab DGP Gaurav Yadav’s strictness! Instructions issued regarding emerging threats from across the border
ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ ਹਦਾਇਤਾਂ ਕੀਤੀਆਂ ਜਾਰੀ
ਚੰਡੀਗੜ੍ਹ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪੁਲਸ ਨੇ ਸਰਹੱਦ ਪਾਰੋਂ ਅੱਤਵਾਦ, ਗੈਂਗਸਟਰ ਸਿੰਡੀਕੇਟਾਂ, ਸੰਗਠਿਤ ਅਪਰਾਧ ਨੈੱਟਵਰਕਾਂ ਅਤੇ ਸਾਈਬਰ ਅਪਰਾਧ ਵਿਰੁੱਧ ਸਾਂਝੀਆਂ ਰਣਨੀਤੀਆਂ ਉਲੀਕਣ ਲਈ 10ਵੀਂ ਉੱਤਰੀ ਖੇਤਰੀ ਪੁਲਸ ਤਾਲਮੇਲ ਕਮੇਟੀ (ਐੱਨ. ਆਰ. ਪੀ. ਸੀ. ਸੀ.) ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਡੀ. ਜੀ. ਪੀ. ਗੌਰਵ ਯਾਦਵ ਨੇ ਕੀਤੀ। ਇਸ ਮੌਕੇ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ਼.) ਵੈਸਟਰਨ ਕਮਾਂਡ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐੱਸ. ਖੰਡਾਰੇ, ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ. ਟੀ. ਬੀ. ਪੀ) ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਆਈ. ਜੀ. ਰਾਜੇਸ਼ ਕੁਮਾਰ, ਬੀ. ਐੱਸ. ਐੱਫ਼. ਪੰਜਾਬ ਫਰੰਟੀਅਰ ਦੇ ਆਈ. ਜੀ. ਡਾ. ਅਤੁਲ ਫੁਲਜ਼ਲੇ ਅਤੇ ਡੀ. ਜੀ. ਪੀ. ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਹਾਜ਼ਰ ਸਨ ਅਤੇ ਡੀ. ਜੀ. ਪੀ. ਉੱਤਰਾਖੰਡ ਦੀਪਮ ਸੇਠ ਅਤੇ ਡੀ. ਜੀ. ਪੀ. ਲੱਦਾਖ ਆਨੰਦ ਕੁਮਾਰ ਜੈਨ ਵਰਚੁਅਲ ਤਰੀਕੇ ਨਾਲ ਸ਼ਾਮਲ ਹੋਏ। ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ਼.), ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ) ਅਤੇ ਸਬਸਿਡਰੀ ਇੰਟੈਲੀਜੈਂਸ ਬਿਊਰੋ (ਐੱਸ. ਆਈ. ਬੀ.) ਦੇ ਸੀਨੀਅਰ ਨੁਮਾਇੰਦਿਆਂ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਰਾਜ ਪੁਲਸ ਬਲਾਂ ਤੇ ਹੋਰ ਕੇਂਦਰੀ ਅਤੇ ਸੁਰੱਖਿਆ ਏਜੰਸੀਆਂ ਨੇ ਵੀ ਵਿਚਾਰ-ਵਟਾਂਦਰੇ ’ਚ ਹਿੱਸਾ ਲਿਆ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਐੱਨ. ਆਰ. ਪੀ. ਸੀ. ਸੀ. ਪੂਰੇ ਖੇਤਰ ’ਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਸਮੱਸਿਆ-ਹੱਲ, ਸਾਂਝੇ ਢੰਗ ਨਾਲ ਲਾਗੂ ਕਰਨ ਅਤੇ ਠੋਸ ਮੁਕੱਦਮੇਬਾਜ਼ੀ ਲਈ ਏਕੀਕ੍ਰਿਤ ਮੰਚ ਵਜੋਂ ਕੰਮ ਕਰਨਾ ਜਾਰੀ ਰੱਖੇਗੀ। ਮੂਲ ਰੂਪ ’ਚ ਐੱਨ. ਆਰ. ਪੀ. ਸੀ. ਸੀ. ਦਾ ਉਦੇਸ਼ ਤਾਲਮੇਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਅਪਰਾਧ ਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ਰਾਜਾਂ ਦੀਆਂ ਹੱਦਾਂ ਤੋਂ ਪਾਰ ਫੈਲ ਰਹੇ ਹਨ, ਉੱਭਰ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨਾ, ਨਿਰਵਿਘਨ ਅੰਤਰ-ਏਜੰਸੀ ਤਾਲਮੇਲ ਅਤੇ ਤੇਜ਼ੀ ਨਾਲ ਮਿਲ ਕੇ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ। ਮੀਟਿੰਗ ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਵੱਲੋਂ ਦਿੱਤੇ ਗਏ ਰਸਮੀ ਧੰਨਵਾਦ ਮਤੇ ਨਾਲ ਸਮਾਪਤ ਹੋਈ।

