Stray dogs terrorize Ferozepur, attack 2-year-old innocent
ਫਿਰੋਜ਼ਪੁਰ ‘ਚ ਅਵਾਰਾ ਕੁੱਤਿਆਂ ਦਾ ਆਤੰਕ, 2 ਸਾਲਾਂ ਦੇ ਮਾਸੂਮ ’ਤੇ ਕੀਤਾ ਹਮਲਾ
ਫਿਰੋਜ਼ਪੁਰ (ਆਵਾਜ਼ਿ ਕੌਮ ਬਿਊਰੋ)-ਫਿਰੋਜ਼ਪੁਰ ਛਾਉਣੀ ‘ਚ ਅਵਾਰਾ ਕੁੱਤਿਆਂ ਦਾ ਵੱਧਦਾ ਕਹਿਰ ਹੁਣ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮੰਗਲਵਾਰ ਨੂੰ ਇੱਕ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ। ਇਸ ਘਟਨਾ ਨੇ ਇੱਕ ਵਾਰ ਫਿਰ ਇਲਾਕੇ ‘ਚ ਅਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਅਨੁਸਾਰ ਛਾਉਣੀ ਦੇ ਕਈ ਇਲਾਕਿਆਂ ‘ਚ 15 ਤੋਂ 20 ਕੁੱਤਿਆਂ ਦੇ ਝੁੰਡ ਆਮ ਤੌਰ ‘ਤੇ ਘੁੰਮਦੇ ਦਿਖਾਈ ਦਿੰਦੇ ਹਨ। ਰਾਤ ਦੇ ਸਮੇਂ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ‘ਤੇ ਝਪਟਣ ਦੀਆਂ ਘਟਨਾਵਾਂ ਤੋਂ ਲੋਕ ਪਰੇਸ਼ਾਨ ਹਨ। ਸਵੇਰ ਦੀ ਸੈਰ ਕਰਨ ਵਾਲੇ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ‘ਚ ਵੀ ਡਰ ਦਾ ਮਾਹੌਲ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਮੱਸਿਆ ਦਾ ਹੱਲ ਸਿਰਫ਼ ਕੁੱਝ ਕੁੱਤਿਆਂ ਨੂੰ ਫੜ੍ਹ ਕੇ ਦੂਜੀ ਜਗ੍ਹਾ ਛੱਡ ਦੇਣ ਨਾਲ ਨਹੀਂ ਹੋਵੇਗਾ। ਪ੍ਰਸ਼ਾਸਨ ਨੂੰ ਪੱਕੀ ਅਤੇ ਵਿਗਿਆਨਕ ਕਾਰਜ-ਯੋਜਨਾ ਬਣਾਉਣੀ ਪਵੇਗੀ। ਇਸ ਦੇ ਤਹਿਤ ਇਲਾਕੇਵਾਰ ਅਵਾਰਾ ਕੁੱਤਿਆਂ ਦੀ ਗਿਣਤੀ, ਵੱਡੇ ਪੱਧਰ ‘ਤੇ ਨਸਬੰਦੀ ਅਤੇ ਐਂਟੀ-ਰੇਬੀਜ਼ ਟੀਕਾਕਰਨ, ਉਨ੍ਹਾਂ ਦੀ ਪਛਾਣ ਲਈ ਰਿਕਾਰਡਿੰਗ ਅਤੇ ਨਿਯਮਤ ਨਿਗਰਾਨੀ ਜ਼ਰੂਰੀ ਹੈ। ਇਸ ਦੇ ਨਾਲ ਹੀ ਜ਼ਖ਼ਮੀ, ਬੀਮਾਰ ਅਤੇ ਆਕ੍ਰਾਮਕ (ਹਮਲਾਵਰ) ਕੁੱਤਿਆਂ ਲਈ ਉਚਿਤ ਪਸ਼ੂ-ਹਸਪਤਾਲ ਦੀ ਸੁਵਿਧਾ ਅਤੇ ਸੁਰੱਖਿਅਤ ਸ਼ੈਲਟਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸ਼ੈਲਟਰ ਦੀ ਜ਼ਿੰਮੇਵਾਰੀ ਅਤੇ ਸੰਚਾਲਨ ਦੀ ਨਿਯਮਤ ਨਿਗਰਾਨੀ ਵੀ ਹੋਵੇ, ਤਾਂ ਜੋ ਵਿਵਸਥਾ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹੇ।

