Major restrictions imposed in view of the wedding anniversary of Sri Guru Nanak Dev Ji, orders issued for 5 days
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਲੱਗੀਆਂ ਵੱਡੀਆਂ ਪਾਬੰਦੀ, 5 ਦਿਨਾਂ ਲਈ ਹੁਕਮ ਜਾਰੀ
ਗੁਰਦਾਸਪੁਰ/ਬਟਾਲਾ (ਆਵਾਜ਼ਿ ਕੌਮ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ 18 ਸਤੰਬਰ ਨੂੰ ਬਟਾਲਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦਿਆਂ ਸਬ-ਡਵੀਜ਼ਨ ਬਟਾਲਾ ਵਿੱਚ 14 ਸਤੰਬਰ ਤੋਂ 18 ਸਤੰਬਰ 2026 ਤੱਕ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਹੁੱਲੜਬਾਜ਼ੀ ਕਰਨ, ਉੱਚੀ ਆਵਾਜ਼ ਵਿੱਚ ਸਪੀਕਰ ਵਜਾਉਣ ਅਤੇ ਬੁੱਲਟ ਮੋਟਰਸਾਈਕਲਾਂ ਦੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿਆਹ ਪੁਰਬ ਮੌਕੇ ਹੋਣ ਵਾਲੇ ਧਾਰਮਿਕ ਮੇਲੇ ਦੌਰਾਨ ਕੁਝ ਸ਼ਰਾਰਤੀ ਅਨਸਰ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਹੁੱਲੜਬਾਜ਼ੀ ਕਰਦੇ ਹਨ, ਉੱਚੀ ਆਵਾਜ਼ ਵਿੱਚ ਵੱਡੇ ਸਪੀਕਰ ਲਗਾਉਂਦੇ ਹਨ ਅਤੇ ਬੁੱਲਟ ਮੋਟਰਸਾਈਕਲਾਂ ਦੇ ਪਟਾਕੇ ਚਲਾਉਂਦੇ ਹਨ। ਇਸ ਕਾਰਨ ਆਮ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਧਾਰਮਿਕ ਸਮਾਗਮ ਦੌਰਾਨ ਅਮਨ-ਸ਼ਾਂਤੀ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀ ਹੁੱਲੜਬਾਜ਼ੀ, ਉੱਚੀ ਆਵਾਜ਼ ਵਿੱਚ ਸਪੀਕਰ ਵਜਾਉਣ ਅਤੇ ਬੁੱਲਟ ਮੋਟਰਸਾਈਕਲਾਂ ਦੇ ਪਟਾਕਿਆਂ ’ਤੇ ਰੋਕ ਲਗਾਉਣੀ ਜ਼ਰੂਰੀ ਹੈ। ਇਹ ਹੁਕਮ 14 ਸਤੰਬਰ 2026 ਤੋਂ 18 ਸਤੰਬਰ 2026 ਤੱਕ ਲਾਗੂ ਰਹਿਣਗੇ।

