Desecration of Ambedkar’s statue: Meeting with Swapn Sharma; Dalit community issues 7-day ultimatum for arrests.
ਅੰਬੇਡਕਰ ਦੇ ਬੁੱਤ ਦਾ ਅਪਮਾਨ: ਸਵਪਨ ਸ਼ਰਮਾ ਨਾਲ ਬੈਠਕ, ਦਲਿਤ ਸਮਾਜ ਵੱਲੋਂ 7 ਦਿਨਾਂ ‘ਚ ਗ੍ਰਿਫ਼ਤਾਰੀ ਦਾ ਅਲਟੀਮੇਟਮ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਜਲੰਧਰ ਬਾਈਪਾਸ ਚੌਕ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਅਪਮਾਨ ਨੂੰ ਲੈ ਕੇ ਲੋਕਾਂ ਦੇ ਭੜਕੇ ਭਾਰੀ ਗੁੱਸੇ ਦੌਰਾਨ ਮਹਾਨਗਰ ਵਿਚ ਸਥਿਤੀ ਨੂੰ ਆਮ ਅਤੇ ਸ਼ਾਂਤੀਪੂਰਣ ਬਣਾਈ ਰੱਖਣ ਦੇ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਇਸੇ ਕੜੀ ਵਿਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੁਲਸ ਲਾਈਨ ਵਿਚ ਦਲਿਤ ਸਮਾਜ ਦੇ ਪ੍ਰਮੁੱਖ ਨੇਤਾਵਾਂ, ਪ੍ਰਤੀਨਿਧੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਇਕ ਵਿਸ਼ੇਸ਼ ਅਤੇ ਉੱਚ ਪੱਧਰੀ ਬੈਠਕ ਕੀਤੀ। ਬੈਠਕ ਦੌਰਾਨ ਸਮਾਜ ਦੇ ਪ੍ਰਤੀਨਿਧੀਆਂ ਨੇ ਘਟਨਾ ’ਤੇ ਗਹਿਰਾ ਰੋਸ ਜਤਾਉਂਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਇਸ ਘਿਣਾਉਣੇ ਕਾਰੇ ਵਿਚ ਸ਼ਾਮਲ ਮੁੱਖ ਮੁਲਜ਼ਮਾਂ ਨੂੰ ਇਕ ਹਫਤੇ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ। ਜੇਕਰ ਤੈਅ ਸਮੇਂ ਵਿਚ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਨਾ ਭੇਜਿਆ ਗਿਆ ਤਾਂ ਦਲਿਤ ਸਮਾਜ ਇਕ ਵਾਰ ਫਿਰ ਸੜਕਾਂ ’ਤੇ ਉਤਰ ਕੇ ਵੱਡੇ ਪੱਧਰ ‘ਤੇ ਉਗਰ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗਾ। ਪੁਲਸ ਲਾਈਨ ਵਿਚ ਹੋਈ ਇਸ ਬੈਠਕ ਵਿਚ ਵੱਖ ਵੱਖ ਦਲਿਤ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜ ਦੇ ਪਤਵੰਤੇ ਲੋਕਾਂ ਨੇ ਹਿੱਸਾ ਲਿਆ। ਪ੍ਰਤੀਨਿਧੀਆਂ ਨੇ ਸੀ.ਪੀ. ਸਵਪਨ ਸ਼ਰਮਾ ਦੇ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਸੰਵਿਧਾਨ ਨਿਰਮਾਤਾ ਦੇ ਬੁੱਤ ਦਾ ਅਪਮਾਨ ਕੇਵਲ ਇਕ ਵਰਗ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ ਅਤੇ ਇਸ ਨਾਲ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਬੁਰੀ ਤਰ੍ਹਾਂ ਜ਼ਖਮੀ ਹੋਈਆਂ ਹਨ। ਨੇਤਾਵਾਂ ਨੇ ਕਿਹਾ ਕਿ ਬੁੱਧਵਾਰ ਨੂੰ ਨੈਸ਼ਨਲ ਹਾਈਵੇ ‘ਤੇ ਕੀਤੇ ਗਏ ਸ਼ਾਂਤਮਈ ਚੱਕਾ ਜਾਮ ਤੋਂ ਬਾਅਦ ਪੁਲਸ ਵੱਲੋਂ ਦਿੱਤੇ ਗਏ ਭਰੋਸੇ ਦੇ ਆਧਾਰ ’ਤੇ ਹੀ ਧਰਨਾ ਖਤਮ ਕੀਤਾ ਗਿਆ ਸੀ। ਸਮਾਜ ਦੇ ਨੇਤਾਵਾਂ ਨੇ ਦੋ-ਟੁਕ ਸ਼ਬਦਾਂ ਵਿਚ ਕਿਹਾ ਕਿ ਪ੍ਰਸ਼ਾਸਨ ਦੀ ਢਿੱਲ ਹੁਣ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ 7 ਦਿਨਾਂ ਦੇ ਅੰਦਰ ਪੁਲਸ ਸਾਜ਼ਿਸ਼ਕਰਤਾਵਾਂ ਅਤੇ ਦੋਸ਼ੀਆਂ ਨੂੰ ਬੇਨਕਾਬ ਨਹੀਂ ਕਰਦੀ ਤਾਂ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕਰਕੇ ਸੂਬਾ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦਲਿਤ ਸਮਾਜ ਦੇ ਪ੍ਰਤੀਨਿਧੀਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਉਨ੍ਹਾਂ ਨੂੰ ਯਕੀਨ ਦਿਵਾਇਟਾ ਕਿ ਲੁਧਿਆਣਾ ਕਮਿਸ਼ਨਰੇਟ ਪੁਲਸ ਇਸ ਮਾਮਲੇ ਨੂੰ ਅੱਤ ਸੰਵੇਦਨਸ਼ੀਲਤਾ ਅਤੇ ਪਹਿਲ ਦੇ ਆਧਾਰ ’ਤੇ ਦੇਖ ਰਹੀ ਹੈ। ਸੀ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਇਲਾਕੇ ਦੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਫੁਟੇਜ ਚੈੱਕ ਕਰਨ ਲਈ ਵਿਸ਼ੇਸ਼ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਟੈਕਨੀਕਲ ਸੈੱਲ ਅਤੇ ਸਾਈਬਰ ਵਿੰਗ ਵੀ ਗੈਰਸਮਾਜਿਕ ਤੱਤਾਂ ਦੀ ਪਛਾਣ ਕਰਨ ਵਿਚ ਜੁਟੇ ਹੋਏ ਹਨ। ਉਨ੍ਹਾਂ ਨੇ ਸਮਾਜ ਤੋਂ ਸ਼ਹਿਰ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੁਲਸ ਜਲਦ ਹੀ ਮੁਲਜ਼ਮਾਂ ਨੂੰ ਦਬੋਚ ਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰੇਗੀ ਅਤੇ ਕਿਸੇ ਵੀ ਹੁੱਲੜਬਾਜ਼ ਨੂੰ ਬਖਸ਼ਿਆ ਨਹੀਂ ਜਾਵੇਗਾ।

