Son-in-law unleashes terror after failing to get ₹30,000 for ‘Chitta’ (synthetic drugs): Beats mother-in-law and wife with an iron rod, then flees
ਚਿੱਟੇ ਲਈ 30 ਹਜ਼ਾਰ ਰੁਪਏ ਨਾ ਮਿਲਣ ‘ਤੇ ਜਵਾਈ ਨੇ ਢਾਹਿਆ ਕਹਿਰ: ਸੱਸ ਤੇ ਪਤਨੀ ਨੂੰ ਸਰੀਏ ਨਾਲ ਕੁੱਟਿਆ, ਫ਼ਰਾਰ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਸੁਖਦੇਵ ਨਗਰ ਵਿਚ ਨਸ਼ੇ ਦੀ ਲਤ ਵਿਚ ਅੰਨ੍ਹੇ ਹੋਏ ਇਕ ਜਵਾਈ ਨੇ ਪੈਸੇ ਨਾ ਮਿਲਣ ”ਤੇ ਆਪਣੀ ਪਤਨੀ ਅਤੇ ਸੱਸ ”ਤੇ ਲੋਹੇ ਦੇ ਸਰੀਏ ਨਾਲ ਹਮਲਾ ਕਰ ਦਿੱਤਾ। ਉਸ ਨੇ ਘਰ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਪਤਨੀ ਤੇ ਸੱਸ ”ਤੇ ਸਰੀਏ ਨਾਲ ਤਾਬੜਤੋੜ ਵਾਰ ਕਰ ਕੇ ਉਨ੍ਹਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇਹ ਪੂਰੀ ਖ਼ੂਨੀ ਵਾਰਦਾਤ ਕੋਲ ਹੀ ਲੱਗੇ ਇੱਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਪੀੜਤਾਂ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੀੜਤ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹਰਜੀਤ ਕੌਰ ਦਾ ਵਿਆਹ ਲਗਭਗ 7 ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ 6 ਸਾਲ ਦੀ ਮਾਸੂਮ ਬੇਟੀ ਵੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਜਵਾਈ ਅਪਰਾਧਿਕ ਪ੍ਰਵਿਰਤੀ ਦਾ ਵਿਅਕਤੀ ਹੈ। ਕੁਝ ਸਾਲ ਪਹਿਲਾਂ ਉਸ ਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਜੁਰਮ ਵਿੱਚ ਉਹ 4 ਸਾਲ ਤੱਕ ਜੇਲ ਵਿਚ ਬੰਦ ਰਿਹਾ। ਇਸੇ ਸਾਲ ਅਪ੍ਰੈਲ ਮਹੀਨੇ ਵਿਚ ਉਹ ਅਦਾਲਤ ਤੋਂ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਹੁਰੇ ਘਰ ਹੀ ਆ ਕੇ ਰਹਿਣ ਲੱਗ ਪਿਆ, ਜਿੱਥੇ ਉਸ ਨੇ ਚਿੱਟੇ ਤੇ ਨਸ਼ੀਲੇ ਕੈਪਸੂਲਾਂ ਦਾ ਗੰਭੀਰ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਜੇਲ੍ਹ ਤੋਂ ਆਉਣ ਤੋਂ ਬਾਅਦ ਉਸ ਦਾ ਪਤੀ ਰੋਜ਼ ਨਸ਼ੇ ਦੇ ਕੈਪਸੂਲ ਖ਼ਰੀਦਣ ਲਈ ਪੈਸਿਆਂ ਦੀ ਮੰਗ ਕਰਦਾ ਸੀ। ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਉਨ੍ਹਾਂ ”ਤੇ ਹਮਲਾ ਕਰ ਦਿੱਤਾ ਤੇ ਕਾਰ ਫੂਕਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਧਿਰ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

