Petrol bomb attack on police station; Meghalaya shaken by the sound of the blast.
ਪੁਲਸ ਸਟੇਸ਼ਨ ‘ਤੇ ਪੈਟਰੋਲ ਬੰਬ ਹਮਲਾ, ਧਮਾਕੇ ਦੀ ਆਵਾਜ਼ ਨਾਲ ਕੰਬਿਆ ਮੇਘਾਲਿਆ
ਸ਼ਿਲਾਂਗ (ਆਵਾਜ਼ਿ ਕੌਮ ਬਿਊਰੋ)- ਮੇਘਾਲਿਆ ਦੇ ਲਾਬਨ ਪੁਲਸ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ ਨੂੰ ਅਣਪਛਾਤੇ ਬਦਮਾਸ਼ਾਂ ਵਲੋਂ ਪੈਟਰੋਲ ਬੰਬ ਮਾਰ ਕੇ ਹਮਲਾ ਕੀਤਾ ਗਿਆ। ਹਮਲੇ ਕਾਰਨ ਹੋਏ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਆਲੇ-ਦੁਆਲੇ ਸਨਸਨੀ ਫੈਲ ਗਈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਪੁਲਸ ਕਰਮਚਾਰੀ ਜ਼ਖਮੀ ਨਹੀਂ ਹੋਇਆ। ਪੁਲਸ ਸੁਪਰਡੈਂਟ ਵਿਵੇਕ ਸਿਆਮ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਆਮ ਨੇ ਕਿਹਾ, “ਦੇਰ ਰਾਤ ਕਰੀਬ 2:30 ਵਜੇ, ਦੋ ਅਣਪਛਾਤੇ ਬਦਮਾਸ਼ ਇੱਕ ਦੋਪਹੀਆ ਵਾਹਨ ‘ਤੇ ਆਏ ਅਤੇ ਦੋ ਪੈਟਰੋਲ ਬੰਬ ਸੁੱਟ ਕੇ ਫ਼ਰਾਰ ਹੋ ਗਏ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।” ਉਨ੍ਹਾਂ ਕਿਹਾ ਕਿ ਪੁਲਸ ਸਟੇਸ਼ਨ ਦੇ ਅਹਾਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਅਤੇ ਪੁਲਸ ਹਮਲਾਵਰਾਂ ਦੀ ਪਛਾਣ ਕਰਨ ਲਈ ਤਸਵੀਰਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੈਟਰੋਲ ਬੰਬ (ਆਮ ਤੌਰ ‘ਤੇ ਮੋਲੋਟੋਵ ਕਾਕਟੇਲ ਵਜੋਂ ਜਾਣੇ ਜਾਂਦੇ ਹਨ) ਸੁੱਟਣ ਨਾਲ ਕੰਪਲੈਕਸ ਦੇ ਅੰਦਰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਨੇ ਬਾਅਦ ਵਿੱਚ ਅੱਗ ‘ਤੇ ਕਾਬੂ ਪਾ ਲਿਆ, ਜਿਸ ਨਾਲ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਪੁਲਸ ਨੇ ਕਿਹਾ ਕਿ ਹਮਲੇ ਦੇ ਉਦੇਸ਼ ਦਾ ਖੁਲਾਸਾ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ‘ਇਨਰ ਲਾਈਨ ਪਰਮਿਟ’ ਦਾ ਸਮਰਥਨ ਕਰਨ ਵਾਲਾ ਸਮੂਹ ਇਸ ਘਟਨਾ ਵਿੱਚ ਸ਼ਾਮਲ ਹੋ ਸਕਦਾ ਹੈ।

