Amritsar: Shots fired over a dispute regarding a pathway; people from both sides injured
ਅੰਮ੍ਰਿਤਸਰ: ਰਸਤੇ ਦੇ ਵਿਵਾਦ ‘ਤੇ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਦੇ ਸੀਮਾਵਰਤੀ ਪਿੰਡ ਭੱਗੂਪੁਰ ਛੰਨਾ ਵਿੱਚ ਰਸਤੇ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਤੋਂ ਬਾਅਦ ਚੱਲੀਆਂ ਗੋਲੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਵਿੱਚ ਦੋਵਾਂ ਧਿਰਾਂ ਦੇ 3 ਤੋਂ 4 ਲੋਕ ਜ਼ਖ਼ਮੀ ਹੋਏ ਹਨ ਅਤੇ ਘਰਾਂ ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਿੰਡ ਦੇ ਪੂਰਵ ਸਰਪੰਚ ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਹੈ, ਜਿਸ ਵਿੱਚੋਂ ਲੰਘਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸ਼ਨੀਵਾਰ ਸ਼ਾਮ ਨੂੰ ਪਿੰਡ ਦੇ ਹੀ ਸੁਬੇਗ ਸਿੰਘ, ਲਖਾ ਸਿੰਘ, ਜਿੰਦਰ ਸਿੰਘ, ਗੋਰੂ, ਕਾਲੂ, ਘੁੱਲਾ ਸਿੰਘ ਅਤੇ ਭੱਟੋ ਸਿੰਘ ਕਰੀਬ 40 ਤੋਂ 50 ਅਣਪਛਾਤੇ ਹਥਿਆਰਬੰਦ ਲੋਕਾਂ ਨਾਲ ਉਨ੍ਹਾਂ ਦੇ ਘਰ ‘ਤੇ ਹਮਲਾ ਕਰਨ ਪਹੁੰਚੇ। ਹਮਲਾਵਰਾਂ ਨੇ 315 ਬੋਰ ਦੀਆਂ ਰਾਈਫਲਾਂ ਨਾਲ ਕਈ ਰੌਂਦ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਲਖਵਿੰਦਰ ਸਿੰਘ ਦਾ ਭਤੀਜਾ ਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਹਾਲਤ ਚਿੰਤਾਜਨਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਸੁਬੇਗ ਸਿੰਘ ਅਤੇ ਲਖਾ ਸਿੰਘ ਦੇ ਧੜੇ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੀ ਧਿਰ ਨੇ ਉਨ੍ਹਾਂ ਦਾ ਪੁਰਾਣਾ ਰਸਤਾ ਵਾਹ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੇ 3 ਤੋਂ 4 ਲੋਕ ਜ਼ਖ਼ਮੀ ਹੋਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐੱਸਪੀ ਜਗਬੀਰ ਸਿੰਘ ਔਲਖ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ‘ਤੇ ਕਾਬੂ ਪਾਇਆ। ਡੀਐੱਸਪੀ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਫਾਇਰਿੰਗ ਹੋਈ ਹੈ। ਫਿਲਹਾਲ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

