Pilot dies under suspicious circumstances in a Delhi hotel: Body found on the bed; had come to the capital for training
ਦਿੱਲੀ ਦੇ ਹੋਟਲ ‘ਚ ਪਾਇਲਟ ਦੀ ਸ਼ੱਕੀ ਹਾਲਾਤ ‘ਚ ਮੌਤ: ਬੈੱਡ ‘ਤੇ ਮਿਲੀ ਲਾਸ਼, ਟ੍ਰੇਨਿੰਗ ਲਈ ਆਇਆ ਸੀ ਰਾਜਧਾਨੀ
New Delhi, (ਆਵਾਜ਼ਿ ਕੌਮ ਬਿਊਰੋ)-ਏਅਰ ਇੰਡੀਆ ਦਾ ਇੱਕ ਪਾਇਲਟ, ਜੋ ਬੋਇੰਗ 787 ਜਹਾਜ਼ ਲਈ ‘ਕਨਵਰਜ਼ਨ ਟ੍ਰੇਨਿੰਗ’ (ਸਪੈਸ਼ਲ ਸਿਖਲਾਈ) ਵਾਸਤੇ ਦਿੱਲੀ ਆਇਆ ਸੀ, ਆਪਣੇ ਹੋਟਲ ਦੇ ਕਮਰੇ ਵਿੱਚ ਬੇਹੋਸ਼ ਹਾਲਤ ਵਿੱਚ ਮਿਲਿਆ ਅਤੇ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਸਾਜ਼ਿਸ਼ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੇ 10 ਸਤੰਬਰ ਨੂੰ ਵਸੰਤ ਕੁੰਜ ਸਥਿਤ ਇੱਕ ਹੋਟਲ ਵਿੱਚ ਚੈੱਕ-ਇਨ ਕੀਤਾ ਸੀ ਅਤੇ ਅਗਲੀ ਸ਼ਾਮ ਉਹ ਮ੍ਰਿਤਕ ਹਾਲਤ ਵਿੱਚ ਮਿਲਿਆ। ਏਅਰਲਾਈਨ ਅਧਿਕਾਰੀਆਂ ਅਨੁਸਾਰ, ਪਾਇਲਟ ਪਹਿਲਾਂ ਏਅਰ ਇੰਡੀਆ ਐਕਸਪ੍ਰੈਸ ਨਾਲ ਕੰਮ ਕਰ ਚੁੱਕਾ ਸੀ ਅਤੇ ‘ਵਾਈਡ-ਬਾਡੀ’ ਬੋਇੰਗ 787 ਜਹਾਜ਼ ਉਡਾਉਣ ਲਈ ‘ਕਨਵਰਜ਼ਨ ਟ੍ਰੇਨਿੰਗ’ ਲੈ ਰਿਹਾ ਸੀ। ਪੁਲਸ ਨੂੰ 11 ਸਤੰਬਰ ਨੂੰ ਹੋਟਲ ਵਿੱਚ ਇੱਕ ਮਹਿਮਾਨ ਦੇ ਬਿਮਾਰ ਪੈਣ ਬਾਰੇ ਸੂਚਨਾ ਮਿਲੀ ਸੀ। ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਾਇਲਟ ਨੂੰ ਬੇਹੋਸ਼ ਹਾਲਤ ਵਿੱਚ ਪਾਇਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮੌਕੇ ‘ਤੇ ਅਪਰਾਧ ਜਾਂਚ ਟੀਮ ਨੂੰ ਬੁਲਾਇਆ ਗਿਆ। ਪੁਲਸ ਮੁਤਾਬਕ, 11 ਸਤੰਬਰ ਦੀ ਸ਼ਾਮ ਨੂੰ ਪਾਇਲਟ ਦੇ ਭਰਾ ਨੇ ਹੋਟਲ ਮੈਨੇਜਰ ਨਾਲ ਸੰਪਰਕ ਕਰਕੇ ਦੱਸਿਆ ਕਿ ਉਸਦਾ ਭਰਾ ਫੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਮੈਨੇਜਰ ਕਮਰੇ ਕੋਲ ਗਿਆ, ਜੋ ਅੰਦਰੋਂ ਬੰਦ ਸੀ। ਹੋਟਲ ਦੀ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਾਇਲਟ ਬੇਹੋਸ਼ ਹਾਲਤ ਵਿੱਚ ਮਿਲਿਆ। 12 ਸਤੰਬਰ ਨੂੰ ਸਫਦਰਜੰਗ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਮੌਤ ਦੇ ਅਸਲ ਕਾਰਨਾਂ ਦਾ ਪਤਾ ਅੰਤਿਮ ਡਾਕਟਰੀ ਰਿਪੋਰਟ ਮਿਲਣ ‘ਤੇ ਲੱਗੇਗਾ। ਪੁਲਸ ਨੇ ਕਿਹਾ ਕਿ ਕਿਸੇ ਗੜਬੜੀ ਜਾਂ ਸਾਜ਼ਿਸ਼ ਦਾ ਕੋਈ ਸ਼ੱਕ ਨਹੀਂ ਹੈ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਾਇਲਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਏਅਰ ਇੰਡੀਆ ਨੇ ਕਾਕਪਿਟ ਕਰੂ ਮੈਂਬਰ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ, “ਉਹ ਦਿੱਲੀ ਦੇ ਇੱਕ ਹੋਟਲ ਵਿੱਚ ਆਰਾਮ ਕਰ ਰਿਹਾ ਸੀ ਜਦੋਂ ਕੱਲ੍ਹ ਸ਼ਾਮ ਉਹ ਬੇਹੋਸ਼ ਹਾਲਤ ਵਿੱਚ ਮਿਲਿਆ।” ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।” ਏਅਰ ਇੰਡੀਆ ਨੇ ਕਿਹਾ ਕਿ ਉਹ ਪਾਇਲਟ ਦੇ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

