Accused who beheaded wife and kept head in fridge dies; lost life while attempting to escape police custody
ਪਤਨੀ ਦਾ ਸਿਰ ਕੱਟ ਕੇ ਫਰਿੱਜ ‘ਚ ਰੱਖਣ ਵਾਲੇ ਦੋਸ਼ੀ ਦੀ ਮੌਤ, ਪੁਲਸ ਕਸਟਡੀ ‘ਚੋਂ ਦੌੜਣ ਦੀ ਕੋਸ਼ਿਸ਼ ‘ਚ ਗਈ ਜਾਨ
ਗੁਹਾਟੀ (ਆਵਾਜ਼ਿ ਕੌਮ ਬਿਊਰੋ)-ਆਸਾਮ ਦੇ ਗੁਹਾਟੀ ‘ਚ ਪਤਨੀ ਦਾ ਕਤਲ ਕਰਨ ਅਤੇ ਸਿਰ ਵੱਢਣ ਦੇ ਦੋਸ਼ੀ ਦੀ ਸੋਮਵਾਰ ਤੜਕੇ ਹਸਪਤਾਲ ਲਿਜਾਂਦੇ ਸਮੇਂ ਪੁਲਸ ਵਾਹਨ ਤੋਂ ਛਾਲ ਮਾਰਨ ਮਗਰੋਂ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਰਾਮਾਨੁਜ ਗੋਸਵਾਮੀ ਨੂੰ ਸਥਾਨਕ ਥਾਣੇ ਤੋਂ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਲਿਜਾਇਆ ਜਾ ਰਿਹਾ ਸੀ, ਉਦੋਂ ਉਸ ਨੇ ਪੁਲਸ ਵਾਹਨ ਤੋਂ ਛਾਲ ਮਾਰ ਦਿੱਤੀ। ਇਕ ਅਧਿਕਾਰੀ ਨੇ ਕਿਹਾ,”ਉਹ ਪਹਾੜੀ ਇਲਾਕੇ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਕਿਸੇ ਕਠੋਰ ਵਸਤੂ ਨਾਲ ਟਕਰਾ ਗਿਆ। ਉਸ ਨੂੰ ਜੀਐੱਮਸੀਐੱਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।” ਜੀਐੱਮਸੀਐੱਚ ਦੇ ਸੁਪਰਡੈਂਟ ਦੇਵਜੀਤ ਚੌਧਰੀ ਨੇ ਕਿਹਾ ਕਿ ਪੁਲਸ ਰਾਮਾਨੁਜ ਗੋਸਵਾਮੀ ਨੂੰ ਸੋਮਵਾਰ ਸਵੇਰੇ 3.41 ਵਜੇ ਹਸਪਤਾਲ ਲੈ ਕੇ ਆਈ ਸੀ। ਉਨ੍ਹਾਂ ਕਿਹਾ,”ਉਸ ਨੂੰ ਮ੍ਰਿਤਕ ਹਾਲਤ ‘ਚ ਲਿਆਂਦਾ ਗਿਆ ਸੀ। ਮੌਤ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।” ਉਨ੍ਹਾਂ ਦੱਸਿਆ ਕਿ ਲਾਸ਼ ‘ਤੇ ਗੋਲੀ ਲੱਗਣ ਦੇ ਕੋਈ ਨਿਸ਼ਾਨ ਨਹੀਂ ਸਨ। ਰਾਮਾਨੁਜ ਗੋਸਵਾਮੀ ਨੇ ਪਿਛਲੇ ਹਫ਼ਤੇ ਸਰੰਡਰ ਕਰ ਕੇ ਆਪਣੀ ਪਤਨੀ ਰੀਆ ਤਾਲਕੁਦਾਰ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ੀ ਨੇ ਪਤਨੀ ਦੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਗੁੱਸੇ ‘ਚ ਉਸ ਦਾ ਕਤਲ ਕਰਨ ਦੀ ਗੱਲ ਕਹੀ ਸੀ। ਪਤਨੀ ਦਾ ਕੱਟਿਆ ਹੋਇਆ ਸਿਰ ਇਕ ਪੋਲੀਥੀਨ ਬੈਗ ‘ਚ ਫਰਿੱਜ ਦੇ ਅੰਦਰ ਰੱਖਿਆ ਹੋਇਆ ਮਿਲਿਆ ਸੀ। ਦੋਵਾਂ ਦੇ ਵਿਆਹ ਨੂੰ ਇਕ ਸਾਲ ਤੋਂ ਵੀ ਘੱਟ ਸਮਾਂ ਹੋਇਆ ਸੀ। ਗੋਸਵਾਮੀ ਧੁਬਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਦੋਂ ਕਿ ਤਾਲੁਕਦਾਰ ਗੁਹਾਟੀ ਦੀ ਮੂਲ ਵਾਸੀ ਸੀ।

