Major attack on Pakistani army convoy; over 23 soldiers feared dead
ਪਾਕਿਸਤਾਨੀ ਫੌਜ ਦੇ ਕਾਫਲੇ ‘ਤੇ ਵੱਡਾ ਹਮਲਾ, 23 ਤੋਂ ਵੱਧ ਸੈਨਿਕਾਂ ਦੇ ਮਾਰੇ ਜਾਣ ਦਾ ਖਦਸ਼ਾ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ‘ਤੇ ਇੱਕ ਵੱਡਾ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਕਰਾਚੀ ਅਤੇ ਕਵੇਟਾ ਨੂੰ ਜੋੜਨ ਵਾਲੇ N-25 ਰਾਸ਼ਟਰੀ ਰਾਜਮਾਰਗ ‘ਤੇ ਪਾਕਿਸਤਾਨੀ ਫੌਜ ਦੀ ਫਰੰਟੀਅਰ ਫੋਰਸ ਦੇ ਲਗਭਗ 15 ਵਾਹਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਲਾਸਬੇਲਾ ਦੇ ਕਸ਼ਾਰੀ ਇਲਾਕੇ ਵਿੱਚ ਹੋਏ ਇਸ ਹਮਲੇ ਵਿੱਚ 23 ਤੋਂ ਵੱਧ ਸੈਨਿਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਨੇੜਲੇ ਬੇਲਾ ਕੈਂਪ ਵਿੱਚ ਭਰਤੀ ਕਰਵਾਇਆ ਗਿਆ । ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਵੱਲ ਲਈ ਜਾ ਰਹੀ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਇਲਾਕੇ ਵਿੱਚ ਸਰਕਾਰੀ ਇਮਾਰਤਾਂ, ਹਾਈਵੇਅ ਅਤੇ ਫੌਜੀ ਕਾਫਲਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ N-25 ਹਾਈਵੇਅ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਪੂਰੇ ਖੇਤਰ ਨੂੰ ਘੇਰ ਕੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਾਕਿਸਤਾਨੀ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਵਿਸਥਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਬਾਰੇ ਅੰਕੜਾ ਬਦਲ ਸਕਦਾ ਹੈ।

