“I have ear pain; I won’t be able to fly the plane!” — Passengers created a ruckus after the pilot refused to fly
ਮੇਰੇ ਕੰਨ ‘ਚ ਦਰਦ, ਮੈਥੋਂ ਨ੍ਹੀਂ ਉੱਡਾ ਹੋਣਾ ਜਹਾਜ਼..!’ ਪਾਇਲਟ ਦੇ ਇਨਕਾਰ ਮਗਰੋਂ ਯਾਤਰੀਆਂ ਨੇ ਕਰ’ਤਾ ਹੰਗਾਮਾ
ਵਾਰਾਨਸੀ (ਆਵਾਜ਼ਿ ਕੌਮ ਬਿਊਰੋ)- ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਫਲਾਈਟ 6E-6559 ਦੇ ਪਾਇਲਟ ਨੇ ਕੰਨ ਵਿੱਚ ਦਰਦ ਦਾ ਹਵਾਲਾ ਦਿੰਦੇ ਹੋਏ ਜਹਾਜ਼ ਉਡਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਕਾਰਨ ਵਾਰਾਣਸੀ ਤੋਂ ਬੰਗਲੁਰੂ ਜਾਣ ਵਾਲੇ ਯਾਤਰੀਆਂ ਨੂੰ ਲਗਭਗ ਸਾਢੇ ਪੰਜ ਘੰਟੇ ਇੰਤਜ਼ਾਰ ਕਰਨਾ ਪਿਆ। ਉਡਾਣ ਭਰਨ ਵਿਚ ਦੇਰੀ ਹੋਣ ਤੋਂ ਪਰੇਸ਼ਾਨ ਯਾਤਰੀਆਂ ਨੇ ਗੁੱਸੇ ਵਿਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸੂਤਰਾਂ ਅਨੁਸਾਰ, ਉਸ ਸਮੇਂ ਜਹਾਜ਼ ਵਿੱਚ ਪਹਿਲਾਂ ਹੀ 178 ਯਾਤਰੀ ਸਵਾਰ ਹੋ ਚੁੱਕੇ ਸਨ। ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਇਹ ਉਡਾਣ ਸਵੇਰੇ 11.55 ਵਜੇ ਬੰਗਲੁਰੂ ਲਈ ਰਵਾਨਾ ਹੋਣੀ ਸੀ। ਬੋਰਡਿੰਗ ਪਾਸ ਅਤੇ ਸੁਰੱਖਿਆ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਾਰੇ ਯਾਤਰੀ ਜਹਾਜ਼ ਵਿੱਚ ਸਵਾਰ ਹੋ ਕੇ ਬੈਠ ਗਏ ਸਨ। ਇਸ ਦੌਰਾਨ ਪਾਇਲਟ ਨੇ ਕੰਨ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਅਤੇ ਜਹਾਜ਼ ਉਡਾਉਣ ਵਿੱਚ ਅਸਮਰੱਥਾ ਪ੍ਰਗਟਾਈ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਮੈਡੀਕਲ ਟੀਮ ਨੇ ਪਾਇਲਟ ਦੀ ਸਿਹਤ ਦੀ ਜਾਂਚ ਕੀਤੀ, ਜਿਸ ਤੋਂ ਪੁਸ਼ਟੀ ਹੋਈ ਕਿ ਉਹ ਬੀਮਾਰ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਦੂਜੇ ਪਾਇਲਟ ਦਾ ਪ੍ਰਬੰਧ ਕੀਤਾ ਅਤੇ ਪਾਇਲਟ ਦੇ ਦਿੱਲੀ ਤੋਂ ਪਹੁੰਚਣ ਤੋਂ ਬਾਅਦ ਉਡਾਣ ਲਗਭਗ ਸਾਢੇ ਪੰਜ ਘੰਟੇ ਦੀ ਦੇਰੀ ਨਾਲ ਬੰਗਲੁਰੂ ਲਈ ਰਵਾਨਾ ਹੋਈ। ਯਾਤਰੀਆਂ ਨੇ ਉਡਾਣ ਵਿਚ ਦੇਰੀ ਹੋਣ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਦੋਸ਼ ਲਗਾਇਆ ਕਿ ਜੇਕਰ ਪਾਇਲਟ ਪਹਿਲਾਂ ਹੀ ਬਿਮਾਰ ਸੀ, ਤਾਂ ਯਾਤਰੀਆਂ ਦੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਉਸਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਵਿੱਚ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਪਾਇਲਟ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ ਸੀ।

