Pakistan raises bounty on terrorist Masood Azhar to 70 lakh; declares him ‘most wanted’ in FIA’s ‘Red Book’
ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿ ਨੇ ਇਨਾਮ ਵਧਾ ਕੇ ਕੀਤਾ 70 ਲੱਖ, FIA ਦੀ ‘ਰੈੱਡ ਬੁੱਕ’ ’ਚ ਮੋਸਟ ਵਾਂਟਿਡ ਐਲਾਨਿਆ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਮੁੱਖ ਅੱਤਵਾਦੀ ਮਸੂਦ ਅਜ਼ਹਰ ’ਤੇ ਐਲਾਨੇ ਇਨਾਮ ਦੀ ਰਾਸ਼ੀ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰ ਦਿੱਤੀ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਉਸ ਨੂੰ ਫਰਾਰ ਐਲਾਨਦਿਆਂ ਆਪਣੀ ਨਵੀਂ ‘ਰੈੱਡ ਬੁੱਕ’ ’ਚ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਮਸੂਦ ਅਜ਼ਹਰ ’ਤੇ ਸਾਲ 2021 ’ਚ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਹੁਣ ਇਸ ’ਚ 20 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਾਕਿਸਤਾਨ ਲੰਬੇ ਸਮੇਂ ਤੋਂ ਦਾਅਵਾ ਕਰਦਾ ਰਿਹਾ ਹੈ ਕਿ ਮਸੂਦ ਅਜ਼ਹਰ ਉਸ ਦੇ ਦੇਸ਼ ’ਚ ਨਹੀਂ ਹੈ ਅਤੇ ਉਹ ਅਫਗਾਨਿਸਤਾਨ ਫਰਾਰ ਹੋ ਚੁੱਕਾ ਹੈ। ਹਾਲਾਂਕਿ, ਭਾਰਤੀ ਖੁਫੀਆ ਏਜੰਸੀਆਂ ਅਨੁਸਾਰ ਉਹ ਪਾਕਿਸਤਾਨ ਦੇ ਸਿੰਧ ਸੂਬੇ ਦੇ ਨਵਾਬਸ਼ਾਹ ’ਚ ਲੁਕਿਆ ਹੋ ਸਕਦਾ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਨੇ ਇਹ ਕਦਮ ਅਕਤੂਬਰ ’ਚ ਹੋਣ ਵਾਲੀ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਬੈਠਕ ਤੋਂ ਪਹਿਲਾਂ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਦਬਾਅ ਤੋਂ ਬਚਣ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਰਿਹਾ ਹੈ। ਐੱਫ. ਆਈ. ਏ. ਦੀ ਨਵੀਂ ‘ਰੈੱਡ ਬੁੱਕ’ ’ਚ 26/11 ਮੁੰਬਈ ਹਮਲਿਆਂ ਨਾਲ ਜੁੜੇ 19 ਅੱਤਵਾਦੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ’ਚ ਹਮਲਾਵਰਾਂ ਲਈ ਸਮੁੰਦਰੀ ਰਸਤੇ ਦੀ ਵਿਵਸਥਾ ਕਰਨ ਅਤੇ ਆਰਥਿਕ ਮਦਦ ਦੇਣ ਵਾਲੇ ਅੱਤਵਾਦੀ ਸ਼ਾਮਲ ਹਨ। ਐੱਫ. ਆਈ. ਏ. ਅਨੁਸਾਰ ਇਨ੍ਹਾਂ ’ਚੋਂ 17 ਅੱਤਵਾਦੀ ਲਗਭਗ 18 ਸਾਲਾਂ ਤੋਂ ਫਰਾਰ ਹਨ।

