India termed Pakistan’s new announcement regarding a bounty on ‘Masood Azhar’ a ‘ploy’
ਭਾਰਤ ਨੇ ‘ਮਸੂਦ ਅਜ਼ਹਰ’ ‘ਤੇ ਇਨਾਮ ਦੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਦੱਸਿਆ ‘ਚਾਲਬਾਜ਼ੀ’
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ਨੇ ‘ਜੈਸ਼-ਏ-ਮੁਹੰਮਦ’ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦਾ ਇਨਾਮ ਐਲਾਨਣ ਦੇ ਪਾਕਿਸਤਾਨ ਸਰਕਾਰ ਦੇ ਕਦਮ ਨੂੰ ‘ਚਾਲਬਾਜ਼ੀ’ ਕਰਾਰ ਦਿੰਦੇ ਹੋਏ ਇਸਲਾਮਾਬਾਦ ਤੋਂ ਅੱਤਵਾਦ ਨਾਲ ਨਜਿੱਠਣ ਲਈ ‘ਠੋਸ ਕਦਮ’ ਚੁੱਕਣ ਦੀ ਮੰਗਲਵਾਰ ਨੂੰ ਮੰਗ ਕੀਤੀ। ਅਜ਼ਹਰ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ‘ਰੈੱਡ ਬੁੱਕ’ ਸੂਚੀ ’ਚ ਸ਼ਾਮਲ ਹੈ ਅਤੇ ਦੇਸ਼ ਨੇ ਉਸ ’ਤੇ ਇਨਾਮ ਬਰਕਰਾਰ ਰੱਖਿਆ ਹੈ। ਅਜ਼ਹਰ ਭਾਰਤ ’ਚ ਕੁਝ ਵੱਡੇ ਅੱਤਵਾਦੀ ਹਮਲਿਆਂ ਦੇ ਸਬੰਧ ’ਚ ਲੋੜੀਂਦਾ ਹੈ, ਜਿਨ੍ਹਾਂ ’ਚ 2001 ’ਚ ਸੰਸਦ ਭਵਨ ’ਤੇ ਹੋਇਆ ਹਮਲਾ, 2008 ਦਾ ਮੁੰਬਈ ਅੱਤਵਾਦੀ ਹਮਲਾ, 2016 ਦਾ ਪਠਾਨਕੋਟ ਏਅਰਬੇਸ ਹਮਲਾ ਅਤੇ 2019 ਦਾ ਪੁਲਵਾਮਾ ਹਮਲਾ ਸ਼ਾਮਲ ਹੈ। ਅਜ਼ਹਰ ’ਤੇ ਇਨਾਮ ਬਰਕਰਾਰ ਰੱਖਣ ਦੇ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ,”ਪਾਕਿਸਤਾਨ ਦੀਆਂ ਅਜਿਹੀਆਂ ਚਾਲਾਂ ਅਤੇ ਧੋਖੇਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਪਹਿਲਾਂ ਵੀ ਅਜਿਹੀ ਚਾਲਬਾਜ਼ੀ ਦੇਖੀ ਹੈ।” ਉਨ੍ਹਾਂ ਕਿਹਾ,”ਅੱਤਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਕਿਸੇ ਦੇਸ਼ ਦਾ ਅਜਿਹੇ ਝੂਠੇ ਐਲਾਨ ਕਰਨਾ-ਅਸੀਂ ਸਾਰੇ ਜਾਣਦੇ ਹਾਂ ਕਿ ਇਹ ਗੱਲਾਂ ਕਿੰਨੀਆਂ ਖੋਖਲੀਆਂ ਹਨ। ਪਾਕਿਸਤਾਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਾ ਕਿ ਝੂਠੇ ਐਲਾਨ ਕਰਨੇ ਚਾਹੀਦੇ ਹਨ। ਅਜਿਹੇ ਐਲਾਨਾਂ ਦਾ ਕੋਈ ਮਤਲਬ ਨਹੀਂ ਹੈ।” ਭਾਰਤ ਨੇ ਪਾਕਿਸਤਾਨ ’ਤੇ ਅਜ਼ਹਰ ਨੂੰ ਲਗਾਤਾਰ ਪਨਾਹ ਦੇਣ ਦਾ ਦੋਸ਼ ਲਾਇਆ ਹੈ, ਜਦੋਂ ਕਿ ਇਸਲਾਮਾਬਾਦ ਦਾ ਕਹਿਣਾ ਹੈ ਕਿ ਜੈਸ਼ ਮੁਖੀ ਅਫ਼ਗਾਨਿਸਤਾਨ ਭੱਜ ਗਿਆ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਉੱਥੋਂ ਹੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ।

