India’s befitting reply to Trump’s threat of 100% tariffs: purchasing will continue
ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ ‘ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ ਰਹੇਗੀ ਖਰੀਦਦਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਸੰਸਦ ਵੱਲੋਂ ਰੂਸ ਅਤੇ ਇਰਾਨ ਖ਼ਿਲਾਫ਼ ਪਾਬੰਦੀਆਂ ਲਗਾਉਣ ਵਾਲੇ ‘ਲਿੰਡਸੇ ਗ੍ਰਾਹਮ ਬਿਲ’ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਰੂਸ ਤੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਖ਼ਿਲਾਫ਼ 100 ਫ਼ੀਸਦੀ ਟੈਰਿਫ਼ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਮਾਮਲੇ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਆਪਣਾ ਸਪੱਸ਼ਟ ਰੁੱਖ ਜ਼ਾਹਿਰ ਕਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਉਹ ਆਪਣੇ 1.4 ਅਰਬ ਨਾਗਰਿਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਤੇਲ ਦੀ ਸਪਲਾਈ ਨਿਰੰਤਰ ਬਣਾਏ ਰੱਖਣ ਲਈ ਵੱਖ-ਵੱਖ ਦੇਸ਼ਾਂ ਤੋਂ ਤੇਲ ਦੀ ਖ਼ਰੀਦਦਾਰੀ ਜਾਰੀ ਰੱਖੇਗਾ। ਅਮਰੀਕੀ ਸੰਸਦ ‘ਚ ਪਾਸ ਹੋਏ ਇਸ ਬਿੱਲ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਉਣ ਅਤੇ ਰੂਸ ਤੋਂ ਤੇਲ-ਗੈਸ ਖ਼ਰੀਦਣ ਵਾਲੇ ਦੇਸ਼ਾਂ ਜਿਵੇਂ ਭਾਰਤ ਅਤੇ ਚੀਨ ‘ਤੇ ਭਾਰੀ ਟੈਰਿਫ ਲਗਾਉਣ ਦੇ ਅਧਿਕਾਰ ਮਿਲ ਗਏ ਹਨ। ਇਸ ਮਾਮਲੇ ‘ਚ ਭਾਰਤ ਨੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਹ ਬਾਜ਼ਾਰ ਦੀ ਮੌਜੂਦਾ ਸਥਿਤੀ ਦੇ ਹਿਸਾਬ ਨਾਲ ਆਪਣੀ ਊਰਜਾ ਸਪਲਾਈ ਲਈ ਤੇਲ ਖ਼ਰੀਦਣਾ ਜਾਰੀ ਰੱਖੇਗਾ। ਭਾਰਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੀਆਂ ਪਾਬੰਦੀਆਂ ਦਾ ਅਸਰ ਸਿਰਫ਼ ਦੁਵੱਲੇ ਸਬੰਧਾਂ ‘ਤੇ ਹੀ ਨਹੀਂ, ਸਗੋਂ ਗਲੋਬਲ ਊਰਜਾ ਬਾਜ਼ਾਰ ‘ਤੇ ਵੀ ਪਵੇਗਾ, ਜਿਸ ਦਾ ਖ਼ਾਮਿਆਜ਼ਾ ਪੂਰੀ ਦੁਨੀਆ ਨੂੰ ਝੱਲਣਾ ਪਵੇਗਾ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੇ ਵਪਾਰਕ ਅਤੇ ਆਰਥਿਕ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗੀ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੇ ਵਪਾਰਕ ਅਤੇ ਉਦਯੋਗਿਕ ਸੰਗਠਨਾਂ ਨਾਲ ਮਿਲ ਕੇ ਕੰਮ ਕਰੇਗੀ।

