Major action by Delhi Police in US visa fraud case; lab owner arrested from Punjab
ਅਮਰੀਕੀ ਵੀਜ਼ਾ ਧੋਖਾਧੜੀ ਮਾਮਲੇ ‘ਚ ਦਿੱਲੀ ਪੁਲਸ ਦੀ ਵੱਡੀ ਕਾਰਵਾਈ, ਪੰਜਾਬ ਤੋਂ ਲੈਬ ਮਾਲਕ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਵੀਜ਼ੇ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਦਿੱਲੀ ਪੁਲਸ ਨੇ ਪੰਜਾਬ ਤੋਂ ਇੱਕ ਲੈਬ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਰਬਨ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਜਲੰਧਰ ਸਥਿਤ ‘ਜੋਹਸ਼ੀ ਕਲੀਨਿਕਲ ਲੈਬਾਰਟਰੀ’ ਦਾ ਮਾਲਕ ਹੈ। ਦਿੱਲੀ ਪੁਲਸ ਅਨੁਸਾਰ 24 ਮਾਰਚ 2026 ਨੂੰ ਅਮਰੀਕੀ ਦੂਤਾਵਾਸ ਦੇ ਰੀਜਨਲ ਸਕਿਓਰਿਟੀ ਆਫਿਸ ਵੱਲੋਂ ਚਾਣਕਿਆਪੁਰੀ ਥਾਣੇ ਵਿੱਚ ਇੱਕ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਿਮਰਨਜੀਤ ਕੌਰ ਨਾਮ ਦੀ 22 ਸਾਲਾ ਕੁੜੀ ਨੇ ਅਮਰੀਕੀ ਵੀਜ਼ਾ ਅਰਜ਼ੀ ਦੌਰਾਨ ਜਾਅਲੀ ਲੈਬ ਟੈਕਨੀਸ਼ੀਅਨ ਤਜਰਬਾ ਸਰਟੀਫਿਕੇਟ ਜਮ੍ਹਾਂ ਕਰਵਾਇਆ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਚਾਣਕਿਆਪੁਰੀ ਥਾਣੇ ਵਿੱਚ FIR ਨੰਬਰ 41/2026 ਦਰਜ ਕਰਕੇ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਸ ਜਾਂਚ ਦੌਰਾਨ ਸਿਮਰਨਜੀਤ ਕੌਰ ਨੇ ਖੁਲਾਸਾ ਕੀਤਾ ਕਿ ਇਹ ਜਾਅਲੀ ਐਕਸਪੀਰੀਅੰਸ ਸਰਟੀਫਿਕੇਟ ਸਰਬਨ ਸਿੰਘ ਨੇ ਤਿਆਰ ਕਰਕੇ ਦਿੱਤਾ ਸੀ, ਜਿਸ ਦੇ ਬਦਲੇ ਉਸ ਨੇ ਮੁਲਜ਼ਮ ਨੂੰ 8 ਹਜ਼ਾਰ ਰੁਪਏ ਦਿੱਤੇ ਸਨ। ਇਸ ਖੁਲਾਸੇ ਤੋਂ ਬਾਅਦ ਦਿੱਲੀ ਪੁਲਸ ਦੀ ਟੀਮ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖਾਸ ਵਿੱਚ ਛਾਪੇਮਾਰੀ ਕਰਕੇ ਮੁਲਜ਼ਮ ਸਰਬਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

