Alert in all districts of Odisha regarding the third cyclone
ਤੀਜੇ ਸਮੁੰਦਰੀ ਤੂਫ਼ਾਨ ਨੂੰ ਲੈ ਕੇ ਓਡਿਸ਼ਾ ਦੇ ਸਾਰੇ ਜ਼ਿਲਿਆਂ ’ਚ ਅਲਰਟ
ਭੁਵਨੇਸ਼ਵਰ, (ਆਵਾਜ਼ਿ ਕੌਮ ਬਿਊਰੋ)-ਓਡਿਸ਼ਾ ਸਰਕਾਰ ਨੇ ਸਾਰੇ ਜ਼ਿਲਿਆਂ ਖਾਸ ਕਰ ਕੇ ਦੱਖਣੀ ਅਤੇ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ਦੇ ਜ਼ਿਲਿਆਂ ਨੂੰ ਬੰਗਾਲ ਦੀ ਖਾੜੀ ’ਚ 3 ਹਫ਼ਤਿਆਂ ਤੋਂ ਵੀ ਘੱਟ ਸਮੇਂ ’ਚ ਤੀਜੇ ਸਮੁੰਦਰੀ ਤੂਫਾਨ ਦੇ ਆਉਣ ਦੀ ਸੰਭਾਵਨਾ ਨੂੰ ਵੇਖਦਿਆਂ ਕਿਸੇ ਵੀ ਉਲਟ ਮੌਸਮੀ ਹਾਲਾਤ ਨਾਲ ਨਜਿੱਠਣ ਲਈ ਅਲਰਟ ਰਹਿਣ ਲਈ ਕਿਹਾ ਹੈ। ਸੂਬਾਈ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਉਪਾਅ ਕੀਤੇ ਜਾ ਰਹੇ ਹਨ ਕਿਉਂਕਿ ਪਹਿਲੇ ਤੂਫ਼ਾਨ ‘ਅਰਨਬ’ ਨੇ ਅਕਤੂਬਰ ਚ ਦੱਖਣੀ ਜ਼ਿਲਿਆਂ ’ਚ ਭਾਰੀ ਤਬਾਹੀ ਮਚਾਈ ਸੀ। ਇਕ ਹੋਰ ਸਮੁੰਦਰੀ ਤੂਫ਼ਾਨ ‘ਮੁਰਾਸੂ’ ਕਾਰਨ ਇਸ ਮਹੀਨੇ ਦੇ ਸ਼ੁਰੂ ’ਚ ਇਸ ਖੇਤਰ ’ਚ ਭਾਰੀ ਮੀਂਹ ਪਿਆ ਸੀ। ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਬੁਲੇਟਿਨ ’ਚ ਕਿਹਾ ਹੈ ਕਿ ਬੰਗਾਲ ਦੀ ਖਾੜੀ ’ਤੇ ਬਣਿਅਾ ਇਕ ਸਪੱਸ਼ਟ ਘੱਟ ਦਬਾਅ ਵਾਲਾ ਖੇਤਰ ਹੁਣ ਵੱਡੇ ਦਬਾਅ ’ਚ ਤਬਦੀਲ ਹੋ ਗਿਆ ਹੈ। ਇਸ ਦੇ 16 ਨਵੰਬਰ ਨੂੰ ਦੱਖਣ ਦੇ ਕੇਂਦਰੀ ਹਿੱਸਿਆਂ ਅਤੇ ਨਾਲ ਲੱਗਦੇ ਪੱਛਮੀ-ਮੱਧ ਬੰਗਾਲ ਦੀ ਖਾੜੀ ’ਤੇ ਤੀਜੇ ਸਮੁੰਦਰੀ ਤੂਫ਼ਾਨ ’ਚ ਬਦਲ ਜਾਣ ਦੀ ਸੰਭਾਵਨਾ ਹੈ।

