Unnecessary use of antibiotics increases risk, people should be careful
ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਵੱਧ ਰਿਹੈ ਖ਼ਤਰਾ, ਧਿਆਨ ਦੇਣ ਲੋਕ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਅਤੇ ਗਲਤ ਵਰਤੋਂ ਸਿਹਤ ਖੇਤਰ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਇਨ੍ਹਾਂ ਦਵਾਈਆਂ ਦੀ ਲਗਾਤਾਰ ਗਲਤ ਵਰਤੋਂ ਕਾਰਨ ਬੈਕਟੀਰੀਆ ਇਨ੍ਹਾਂ ਦੇ ਖ਼ਿਲਾਫ਼ ਰੋਧਕ ਸ਼ਕਤੀ ਵਿਕਸਿਤ ਕਰ ਰਹੇ ਹਨ, ਜਿਸ ਨਾਲ ਆਮ ਇਨਫੈਕਸ਼ਨਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਗੰਭੀਰ ਸਮੱਸਿਆ ਪ੍ਰਤੀ ਡਾਕਟਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੌਕੇ ਫੌਰਟਿਸ ਹਸਪਤਾਲ ਮੋਹਾਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਾਹਿਰ ਡਾ. ਪਰਵਿੰਦਰ ਕੌਰ ਚਾਵਲਾ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਐਂਟੀਬਾਇਓਟਿਕ ਦਵਾਈਆਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਸਿਵਲ ਸਰਜਨ ਬਠਿੰਡਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਏ. ਐੱਮ. ਆਰ. ਪ੍ਰੋਗਰਾਮ ਡਾ. ਹਰਸਿਮਰਤ ਪਾਲ ਕੌਰ ਵੱਲੋਂ ਐਂਟੀਬਾਇਓਟਿਕ ਨੀਤੀ (ਐਂਟੀਬਾਇਓਟਿਕ ਪਾਲਿਸੀ) ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਬਠਿੰਡਾ ‘ਚ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਸਬੰਧੀ ਅੰਕੜੇ ਵੀ ਸਾਂਝੇ ਕੀਤੇ ਗਏ। ਮੀਟਿੰਗ ਦਾ ਮੁੱਖ ਮਕਸਦ ਹਸਪਤਾਲ ‘ਚ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਨੂੰ ਨਿਰਧਾਰਤ ਨੀਤੀ ਅਤੇ ਮੈਡੀਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਕੀਨੀ ਬਣਾਉਣਾ ਸੀ। ਇਸ ਮੌਕੇ ਡਾ. ਪਰਵਿੰਦਰ ਕੌਰ ਚਾਵਲਾ ਨੇ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ (ਏ. ਐੱਮ. ਆਰ.) ਅੱਜ ਦੁਨੀਆ ਭਰ ਵਿੱਚ ਸਿਹਤ ਖੇਤਰ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਜਦੋਂ ਐਂਟੀਬਾਇਓਟਿਕ ਦਵਾਈਆਂ ਦੀ ਲੋੜ ਤੋਂ ਬਿਨਾਂ ਜਾਂ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਬੈਕਟੀਰੀਆ ਇਨ੍ਹਾਂ ਦਵਾਈਆਂ ਦੇ ਅਸਰ ਤੋਂ ਬਚਣ ਦੀ ਸਮਰੱਥਾ ਵਿਕਸਿਤ ਕਰ ਲੈਂਦੇ ਹਨ। ਅਜਿਹੀ ਸਥਿਤੀ ‘ਚ ਜਿਹੜੀਆਂ ਦਵਾਈਆਂ ਪਹਿਲਾਂ ਇਨਫੈਕਸ਼ਨਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਸਾਬਤ ਹੁੰਦੀਆਂ ਸਨ, ਉਹ ਵੀ ਬੇਅਸਰ ਹੋ ਸਕਦੀਆਂ ਹਨ। ਇਸ ਲਈ ਐਂਟੀਬਾਇਓਟਿਕ ਦਵਾਈਆਂ ਸਿਰਫ਼ ਡਾਕਟਰੀ ਸਲਾਹ ਅਤੇ ਲੋੜ ਅਨੁਸਾਰ ਹੀ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਮਰੀਜ਼ਾਂ ਨੂੰ ਬਿਨਾਂ ਲੋੜ ਐਂਟੀਬਾਇਓਟਿਕ ਦਵਾਈਆਂ ਨਾ ਲਿਖੀਆਂ ਜਾਣ ਅਤੇ ਦਵਾਈ ਦੀ ਚੋਣ ਕਰਦੇ ਸਮੇਂ ਮਰੀਜ਼ ਦੀ ਬੀਮਾਰੀ, ਲਾਗ ਦੀ ਕਿਸਮ ਅਤੇ ਹੋਰ ਜ਼ਰੂਰੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਮੀਟਿੰਗ ਦੌਰਾਨ ਹਸਪਤਾਲਾਂ ਵਿੱਚ ਇਨਫੈਕਸ਼ਨ ਕੰਟਰੋਲ ਪ੍ਰੋਟੋਕਾਲ ਲਾਗੂ ਕਰਨ, ਹੱਥਾਂ ਦੀ ਸਫ਼ਾਈ ਰੱਖਣ ਅਤੇ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਸੰਭਾਲ ਤੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ। ਮਾਹਿਰਾਂ ਨੇ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਰਕਰਾਰ ਰੱਖਣਾ ਡਾਕਟਰਾਂ ਦੇ ਨਾਲ-ਨਾਲ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਬਾਂਸ਼ਲ, ਡਾ. ਗਗਨਦੀਪ ਸਿੰਘ, ਡਾ. ਦੀਪਕ ਬਾਂਸਲ, ਡਾ. ਪ੍ਰਿਯੰਕਾ, ਡਾ. ਰਾਜਵਿੰਦਰ, ਡਾ. ਹਰਸਿਤ ਅਤੇ ਡਾ. ਸੋਫੀਆ ਸਮੇਤ ਹੋਰ ਡਾਕਟਰ ਵਿਸ਼ੇਸ਼ ਤੌਰ ”ਤੇ ਮੌਜੂਦ ਸਨ।

