Two youths who came to the aid of girls attacked with sharp-edged weapons
ਕੁੜੀਆਂ ਦੀ ਮਦਦ ਕਰਨ ਵਾਲੇ 2 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਮੋਹਾਲੀ ਦੇ ਸੈਕਟਰ-70 ਸਥਿਤ ਜੁਬਲੀ ਵਾਕ ਨੇੜੇ ਬੀਤੀ ਰਾਤ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਨੌਜਵਾਨਾਂ ਨੂੰ ਕੁੜੀਆਂ ਦੀ ਮਦਦ ਕਰਨੀ ਮਹਿੰਗੀ ਪੈ ਗਈ। ਛੇੜਛਾੜ ਕਰਨ ਵਾਲਿਆਂ ਨੂੰ ਸਮਝਾਉਣ ’ਤੇ 8-10 ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਿਕਾਇਤਕਰਤਾ ਅਤੇ ਉਸ ਦੇ ਇਕ ਦੋਸਤ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼-6 ਮੋਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ। ਥਾਣਾ ਮਟੌਰ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮਨਦੀਪ ਸਿੰਘ (33) ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਨੇ ਪੁਲਸ ਨੂੰ ਦੱਸਿਆ ਕਿ ਉਹ ਟੈਕਸੀ ਡਰਾਈਵਰ ਹੈ। 18 ਨਵੰਬਰ ਨੂੰ ਉਹ ਆਪਣੇ ਦੋਸਤ ਚਰਨ ਸਿੰਘ ਵਾਸੀ ਅੰਬੇ ਮਾਜਰਾ ਦੀ ਫਾਰਚੂਨਰ ਕਾਰ ਵਿਚ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੁਸਨ ਨਾਲ ਹੁਸਨ ਦਾ ਜਨਮ ਦਿਨ ਮਨਾਉਣ ਲਈ ਜੁਬਲੀ ਵਾਕ, ਸੈਕਟਰ-70 ਮੋਹਾਲੀ ਆਏ ਸਨ। ਰਾਤ ਕਰੀਬ 10:50 ਵਜੇ ਉਹ ਪਿਛਲੇ ਪਾਸੇ ਪੀਜ਼ਾ ਖਾ ਰਹੇ ਸਨ ਤਾਂ ਉਨ੍ਹਾਂ ਦੇ ਨੇੜੇ ਖੜ੍ਹੀਆਂ ਕੁੜੀਆਂ ਨੂੰ 8-10 ਨੌਜਵਾਨ ਛੇੜ ਰਹੇ ਸਨ। ਕੁੜੀਆਂ ਨੇ ਉਨ੍ਹਾਂ ਕੋਲੋਂ ਮਦਦ ਮੰਗੀ, ਜਿਸ ’ਤੇ ਉਨ੍ਹਾਂ ਨੌਜਵਾਨਾਂ ਨੂੰ ਸਮਝਾਇਆ। ਇਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਮਨਦੀਪ ਸਿੰਘ ਅਨੁਸਾਰ 15-20 ਮਿੰਟਾਂ ਬਾਅਦ ਉਹੀ ਨੌਜਵਾਨ ਮੁੜ ਆਏ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਨੇ ਦਾਤਰ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ, ਜਦਕਿ ਦੂਜੇ ਨੇ ਚਰਨ ਸਿੰਘ ਦੀ ਅੱਖ ’ਤੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ। ਲੋਕਾਂ ਦਾ ਇਕੱਠ ਹੁੰਦਾ ਦੇਖ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਦੋਸਤਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮਨਦੀਪ ਦੇ ਸਿਰ ’ਤੇ 10-12 ਟਾਂਕੇ ਲੱਗੇ ਹਨ। ਉਸ ਨੇ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਮਟੌਰ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਤੇ ਭਾਲ ਸ਼ੁਰੂ ਕਰ ਦਿੱਤੀ ਹੈ।

