Warning sirens will sound once again in Punjab! Lights will have to be switched off; there will be a blackout everywhere
ਪੰਜਾਬ ‘ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ! ਬੰਦ ਕਰਨੀਆਂ ਪੈਣਗੀਆਂ ਲਾਈਟਾਂ, ਹਰ ਪਾਸੇ ਹੋਵੇਗਾ BLACKOUT
ਫਿਰੋਜ਼ਪੁਰ (ਆਵਾਜ਼ਿ ਕੌਮ ਬਿਊਰੋ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਜ਼ ਅਨੁਸਾਰ 27 ਨਵੰਬਰ ਨੂੰ ਰਾਤ 8 ਵਜੇ ਪੂਰੇ ਸੂਬੇ ’ਚ ਇਕ ਵਿਸ਼ੇਸ਼ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਅਭਿਆਸ ਕੀਤਾ ਜਾ ਰਿਹਾ ਹੈ। ਇਸ ਦੌਰਾਨ ਖ਼ਤਰੇ ਦੇ ਸਾਇਰਨ ਵੱਜਣਗੇ ਅਤੇ ਬਲੈਕਆਊਟ ਦੇ ਨਾਲ ਹੀ ਲੋਕਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਵੀ ਕਿਹਾ ਗਿਆ ਹੈ। ਇਸ ਅਭਿਆਸ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ ਹਿਮਾਂਸ਼ੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਐਕਸਰਸਾਈਜ਼ ਦਾ ਮੁੱਖ ਮਕਸਦ ਕਿਸੇ ਵੀ ਐਮਰਜੈਂਸੀ ਜਾਂ ਏਅਰ ਸਟ੍ਰਾਈਕ ਵਰਗੇ ਹਾਲਾਤਾਂ ’ਚ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਰਿਵਿਊ ਕਰਨਾ ਹੈ। ਉਨ੍ਹਾਂ ਦੱਸਿਆ ਕਿ 27 ਨਵੰਬਰ ਨੂੰ ਰਾਤ 8 ਵਜੇ ਹਾਊਸਿੰਗ ਬੋਰਡ ਕਾਲੋਨੀ ਦੇ ਨੇੜੇ ਸਿਵਲ ਹਸਪਤਾਲ ਫਿਰੋਜ਼ਪੁਰ ਸਿਟੀ ’ਚ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਮੌਕ ਡਰਿੱਲ ਏਅਰ ਰੇਡ ਵਾਰਨਿੰਗ (ਹਵਾਈ ਹਮਲੇ ਦੀ ਚਿਤਾਵਨੀ) ਦੇ ਸਾਇਰਨ ਨਾਲ ਸ਼ੁਰੂ ਹੋਵੇਗੀ। ਇਹ ਸਾਇਰਨ 02 ਮਿੰਟ ਤੱਕ ਹਾਈ-ਲੋਅ ਪਿੱਚ ’ਤੇ ਵੱਜੇਗਾ। ਸਾਇਰਨ ਵੱਜਦਿਆਂ ਹੀ ਹਾਊਸਿੰਗ ਬੋਰਡ ਕਾਲੋਨੀ ਦੇ ਨੇੜੇ ਸਿਵਲ ਹਸਪਤਾਲ ਫਿਰੋਜ਼ਪੁਰ ਸਿਟੀ ’ਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਹਨ, ਜਦੋਂ ਕਿ ਹਸਪਤਾਲ ਅਤੇ ਫਾਇਰ ਬ੍ਰਿਗੇਡ ਵਰਗੀਆਂ ਸੇਵਾਵਾਂ ਚਾਲੂ ਰਹਿਣਗੀਆਂ। ਐਕਸਰਸਾਈਜ਼ ਦੇ ਅਖ਼ੀਰ ’ਚ ਆਲ ਕਲੀਅਰ ਸਿਗਨਲ ਦਿੱਤਾ ਜਾਵੇਗਾ, ਜੋ 02 ਮਿੰਟ ਤੱਕ ਲਗਾਤਾਰ ਹਾਈ ਪਿੱਚ ’ਤੇ ਵੱਜਣ ਵਾਲਾ ਸਾਇਰਨ ਹੋਵੇਗਾ। ਇਸ ਮੌਕ ਐਕਸਰਸਾਈਜ਼ ਦੌਰਾਨ ਸਿਰਫ ਬਲੈਕਆਊਟ ਹੀ ਨਹੀਂ, ਸਗੋਂ ਵੱਖ-ਵੱਖ ਵਿਭਾਗਾਂ ਵੱਲੋਂ ਕਈ ਰਿਲੀਫ ਆਪਰੇਸ਼ਨ ਵੀ ਸਿਮੂਲੇਟ ਕੀਤੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇਕ ਰੂਟੀਨ ਡਰਿੱਲ ਹੈ। ਇਹ ਕਿਸੇ ਵੀ ਤਰ੍ਹਾਂ ਦੇ ਮਿਲਟਰੀ ਆਪਰੇਸ਼ਨ ਦਾ ਹਿੱਸਾ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਘਬਰਾਹਟ ’ਚ ਆਉਣ ਦੀ ਲੋੜ ਨਹੀਂ ਹੈ।

